Muktsar News : ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਲੰਡੇ ਰੋਡੇ 'ਚ ਅਕਾਲੀ ਦਲ ਦੇ ਸੀਨੀਅਰ ਵਰਕਰ ਤੇ ਸਾਬਕਾ ਸਰਪੰਚ 'ਤੇ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਅਕਾਲੀ ਦਲ ਨੇ ਇਲਜ਼ਾਮ ਲਾਇਆ ਹੈ ਕਿ ਸਾਬਕਾ ਸਰਪੰਚ ਪੂਰਨ ਸਿੰਘ ਸ੍ਰੀ ਮੁਕਤਸਰ ਸਾਹਿਬ 'ਚ ਕਿਸੇ ਸਮਝੌਤੇ ਦੇ ਸਬੰਧ ਵਿੱਚ ਥਾਣਾ ਸਿਟੀ ਪੁੱਜੇ ਸਨ, ਜਿੱਥੇ ਉਨ੍ਹਾਂ ਦੇ ਆਪਣੇ ਪਿੰਡ ਦੇ ਹੀ ਰਹਿਣ ਵਾਲੇ ਲੋਕਾਂ ਨੇ ਉਨ੍ਹਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਨ੍ਹਾਂ ਇਲਜ਼ਾਮ ਲਾਇਆ ਕਿ ਹਮਲਾ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਵਰਕਰ ਹਨ।

ਅਕਾਲੀ ਦਲ ਦਾ ਕਹਿਣਾ ਹੈ ਕਿ ਇਸ ਦੌਰਾਨ ਪੂਰਨ ਸਿੰਘ ਦੀ ਪੱਗ ਵੀ ਉੱਤਰ ਗਈ ਤੇ ਉਨ੍ਹਾਂ ਨੇ ਦਾੜ੍ਹੀ ਦੇ ਵਾਲ ਵੀ ਪੁੱਟੇ ਗਏ। ਇਸ ਮੌਕੇ ਸਰਕਾਰੀ ਹਸਪਤਾਲ ਪੁੱਜੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਇਸ ਸਾਰੀ ਘਟਨਾ ਦੀ ਨਿਖੇਧੀ ਕਰਦਿਆਂ ਪੁਲਿਸ ਪ੍ਰਸ਼ਾਸਨ ਤੋਂ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

ਇਸ ਘਟਨਾ ਨੂੰ ਲੈ ਕੇ ਅਕਾਲੀ ਵਰਕਰਾਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਰੇਸ਼ਮ ਸਿੰਘ ਵੀ ਹਸਪਤਾਲ ਪੁੱਜੇ ਤੇ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਸੀਂ ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪੱਤਰ ਲਿਖ ਕੇ ਕਾਰਵਾਈ ਦੀ ਮੰਗ ਵੀ ਕਰਾਂਗੇ।


ਇਹ ਵੀ ਪੜ੍ਹੋ : ਪੋਤੇ ਦੀ ਆਵਾਜ਼ 'ਚ ਗੱਲ ਕਰਕੇ ਬਜ਼ੁਰਗ ਤੋਂ ਠੱਗੇ 7 ਲੱਖ, 9 ਮਹੀਨਿਆਂ ਬਾਅਦ ਹੋਇਆ ਖ਼ੁਲਾਸਾ

ਉਥੇ ਹੀ ਦੂਜੀ ਧਿਰ ਦੇ ਜ਼ਖ਼ਮੀ ਇਕਬਾਲ ਸਿੰਘ ਦਾ ਕਹਿਣਾ ਹੈ ਕਿ ਉਹ ਕਿਸੇ ਰਾਜੀਨਾਮੇ ਨੂੰ ਲੈ ਕੇ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਪੁੱਜੇ ਸਨ, ਜਿੱਥੇ ਉਨ੍ਹਾਂ ਦੇ ਹੀ ਪਿੰਡ ਦੇ ਸਾਬਕਾ ਸਰਪੰਚ ਪੂਰਨ ਸਿੰਘ ਵੀ ਪਹੁੰਚੇ ਹੋਏ ਸੀ। ਉਸ ਨਾਲ ਉਸ ਦੀ ਬਹਿਸ ਹੋ ਗਈ ਤੇ ਪੂਰਨ ਸਿੰਘ ਨੇ ਉਸ ਉਪਰ ਹਮਲਾ ਕਰਕੇ ਉਸ ਦਾ ਦੰਦ ਤੋੜ ਦਿੱਤਾ।

ਇਕਬਾਲ ਸਿੰਘ ਨੇ ਕਿਹਾ ਕਿ ਉਹ ਉਸ ਸਮੇਂ ਇਕੱਲਾ ਸੀ। ਉਸ ਨੇ ਕਿਹਾ ਕਿ ਪੂਰਨ ਸਿੰਘ ਨੂੰ ਕੁਝ ਨਹੀਂ ਹੋਇਆ, ਉਹ ਸਰਾਸਰ ਝੂਠ ਬੋਲ ਰਿਹਾ ਹੈ। ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।