ਫਾਜ਼ਿਲਕਾ: ਸ਼੍ਰੋਮਣੀ ਅਕਾਲੀ ਦਲ ਤੇ ਖਾਸਕਰ ਬਾਦਲ ਪਰਿਵਾਰ ਖਿਲਾਫ ਉੱਠੀ ਬਗਾਵਤ ਰੁਕਣ ਦਾ ਨਾਂ ਨਹੀਂ ਲੈ ਰਹੀ। ਅੱਜ ਅਕਾਲੀ ਦਲ ਨੂੰ ਜਲਾਲਾਬਾਦ ਹਲਕੇ ਵਿੱਚ ਵੱਡਾ ਝਟਕਾ ਲੱਗਾ। ਜਲਾਲਾਬਾਦ ਦੇ ਅਰਨੀਵਾਲਾ ਸਰਕਲ ਦੇ ਵਰਕਰਾਂ ਨੇ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਹੈ।

ਇੱਥੇ ਇਕੱਠੇ ਹੋਏ ਅਕਾਲੀ ਦਲ ਦੇ ਵਰਕਰਾਂ ਨੇ ਦੱਸਿਆ ਕਿ ਬਾਦਲ ਸਰਕਾਰ ਵੇਲੇ ਬੇਅਦਬੀ ਕਾਂਡ ਹੋਏ ਪਰ ਸਰਕਾਰ ਇਸ ਮਾਮਲੇ ਵਿੱਚ ਕੁਝ ਨਹੀਂ ਕਰ ਪਾਈ। ਹੁਣ ਸੱਚ ਬੋਲਣ ਵਾਲੇ ਟਕਸਾਲੀ ਆਗੂਆਂ ਨੂੰ ਬੇਵਜ੍ਹਾ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਗਿਆ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਅਜਿਹੀ ਕਿਸੇ ਪਾਰਟੀ ਵਿੱਚ ਕੰਮ ਨਹੀਂ ਕਰਨਗੇ ਜਿੱਥੇ ਪਰਿਵਾਰਵਾਦ ਨੂੰ ਹੁਲਾਰਾ ਦੇਣ ਵਾਲੇ ਲੋਕ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਅਕਾਲੀ ਦਲ ਨਹੀਂ ਛੱਡ ਰਹੇ ਸਗੋਂ ਅਕਾਲੀ ਦਲ ਬਾਦਲ ਪਰਿਵਾਰ ਨੂੰ ਛੱਡ ਰਹੇ ਹਨ। ਉਨ੍ਹਾਂ ਕਿਸੇ ਹੋਰ ਪਾਰਟੀ ਵਿੱਚ ਵੀ ਸ਼ਾਮਲ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਜਦੋਂ ਤੱਕ ਬਾਦਲ ਪਰਵਾਰ ਅੱਗੇ ਰਹੇਗਾ ਉਦੋਂ ਤੱਕ ਅਕਾਲੀ ਦਲ ਵਿੱਚ ਕੋਈ ਕੰਮ ਨਹੀਂ ਕਰਨਗੇ। ਅਸਤੀਫਾ ਦੇਣ ਵਾਲੀਆਂ ਵਿੱਚ ਜਥੇਦਾਰ ਚਰਨ ਸਿੰਘ ਸਾਬਕਾ ਮਾਰਕਿਟ ਕਮੇਟੀ ਦੇ ਚੇਅਰਮੈਨ ਤੇ ਵਰਕਿੰਗ ਕਮੇਟੀ ਮੈਂਬਰ, ਇਕਬਾਲ ਸਿੰਘ ਸਰਕਲ ਪ੍ਰਧਾਨ ਅਕਾਲੀ ਦਲ, ਬਲਦੇਵ ਸਿੰਘ ਜਨਰਲ ਸਕਤਰ ਤੇ ਕਈ ਹੋਰ ਲੀਡਰ ਤੇ ਵਰਕਰ ਸ਼ਾਮਲ ਹਨ।