ਚੰਡੀਗੜ੍ਹ: ਅਕਾਲੀ ਦਲ ਦੇ ਲੀਡਰ ਬਿਕਰਮ ਮਜੀਠੀਆ ਨੇ ਸਵਾਲ ਚੁੱਕਿਆ ਕਿ ਸਦਨ ਵਿੱਚ ਆਮ ਆਦਮੀ ਪਾਰਟੀ ਦੀ ਸਥਿਤੀ ਸਪਸ਼ਟ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ‘ਆਪ’ ਕਾਂਗਰਸ ਨਾਲ ਮਿਲੀ ਹੋਈ ਹੈ ਤੇ ਇਸ ਨੂੰ ਸਾਫ-ਸਾਫ ਵੇਖਿਆ ਜਾ ਸਕਦਾ ਹੈ। ਪਾਰਟੀ ਦੇ ਤਿੰਨ ਮੈਂਬਰ ਐਚਐਸ ਫੂਲਕਾ, ਮਾਸਟਰ ਬਲਦੇਵ ਸਿੰਘ ਤੇ ਸੁਖਪਾਲ ਸਿੰਘ ਖਹਿਰਾ ਅਸਤੀਫਾ ਦੇ ਚੁੱਕੇ ਹਨ ਤਾਂ ਉਨ੍ਹਾਂ ਨੂੰ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਸਪੀਕਰ ਨੂੰ ਇਸ ਸਬੰਧੀ ਕਦਮ ਚੁੱਕਣ ਦੀ ਅਪੀਲ ਕੀਤੀ।
ਉਨ੍ਹਾਂ ਨੇ ਬਜਟ ਸੈਸ਼ਨ ਦੇ ਆਖਰੀ ਦਿਨ ਐਸਸੀ/ਐਸਟੀ ਬੱਚਿਆਂ ਬਾਰੇ ਵੀ ਮੁੱਦਾ ਉਠਾਇਆ। ਮਜੀਠੀਆ ਨੇ ਕਿਹਾ ਕਿ ਤਕਰੀਬਨ 12.5 ਲੱਖ ਜ਼ਰੂਰਤਮੰਦ ਬੱਚਿਆਂ ਨੂੰ ਜਰਸੀਆਂ ਨਹੀਂ ਦਿੱਤੀਆਂ ਗਈਆਂ। ਇਨ੍ਹਾਂ ਲਈ ਪੈਸਾ ਵੀ ਆ ਚੁੱਕਾ ਹੈ ਪਰ ਇਹ ਨਹੀਂ ਪਤਾ ਕਿ ਸਰਕਾਰ ਨੇ ਇਹ ਫੰਡ ਕਿੱਥੇ ਵਰਤਿਆ ਜਦਕਿ ਬੱਚੇ ਬਗੈਰ ਜਰਸੀਆਂ ਹੀ ਸਰਦੀਆਂ ਲੰਘਾ ਰਹੇ ਹਨ।
ਬਿਕਰਮ ਮਜੀਠੀਆ ਨੇ ਕਿਹਾ ਕਿ ਸਿੱਖਿਆ ਮੰਤਰੀ ਮੁਤਾਬਕ ਇਸ ਫੰਡ ਦੀ ਰਕਮ ਵੀ ਵਧਾ ਦਿੱਤੀ ਗਈ ਹੈ ਪਰ ਬੱਚਿਆਂ ਨੂੰ ਇਸ ਦਾ ਫਾਇਦਾ ਨਹੀਂ ਮਿਲ ਰਿਹਾ। ਇਸ ਸਬੰਧੀ ਡੀਜੀ ਐਸਈ ਪ੍ਰਸ਼ਾਂਤ ਗੋਇਲ ਨੇ ਕਿਹਾ ਹੈ ਕਿ ਉਹ ਬੱਚਿਆਂ ਨੂੰ ਕੱਪੜੇ ਮੁਹੱਈਆ ਕਰਵਾਉਣਗੇ ਪਰ ਸੀਜ਼ਨ ਨਿਕਲ ਜਾਏਗਾ ਤੇ ਬੱਚਿਆਂ ਨੂੰ ਫਿਰ ਵੀ ਵਰਦੀਆਂ ਨਹੀਂ ਮਿਲਣਗੀਆਂ।
ਮਜੀਠੀਆ ਨੇ ਕਿਹਾ ਕਿ ਵਿਧਾਇਕਾਂ ਨੂੰ ਆਪਣੀ ਤਨਖ਼ਾਹ ਵਿੱਚੋਂ ਪੈਸੇ ਦੇਣ ਦਾ ਸੁਝਾਅ ਦਿੱਤਾ ਗਿਆ ਸੀ ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਜਦਕਿ ਉਨ੍ਹਾਂ ਆਪਣੀ ਪੂਰੇ ਮਹੀਨੇ ਦੀ ਤਨਖ਼ਾਹ ਬੱਚਿਆਂ ਦੀਆਂ ਵਰਦੀਆਂ ਲਈ ਦੇਣ ਦਾ ਮਨ ਬਣਾਇਆ ਹੈ।