ਕਿਸਾਨਾਂ ਲਈ ਖੁਸ਼ਖਬਰੀ! ਕਣਕ ਕਰੇਗੀ ਵਾਰੇ-ਨਿਆਰੇ
ਏਬੀਪੀ ਸਾਂਝਾ | 22 Feb 2019 11:28 AM (IST)
ਨਵੀਂ ਦਿੱਲੀ: ਠੰਢੇ ਮੌਸਮ ਕਰਕੇ ਇਸ ਵਾਰ ਕਿਸਾਨਾਂ ਦੇ ਵਾਰੇ-ਨਿਆਰੇ ਹੋਣਗੇ। ਖੇਤੀਬਾੜੀ ਕਮਿਸ਼ਨਰ ਐਸਕੇ ਮਲਹੋਤਰਾ ਦਾ ਕਹਿਣਾ ਹੈ ਕਿ ਇਸ ਸਾਲ ਸਰਦ ਰੁੱਤ ਲੰਮੀ ਚੱਲਣ ਨਾਲ ਕਣਕ ਦਾ ਉਤਪਾਦਨ 10 ਕਰੋੜ ਟਨ ਤੋਂ ਪਾਰ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਆਪਣੇ-ਆਪ ਵਿੱਚ ਨਵਾਂ ਰਿਕਾਰਡ ਹੋਵੇਗਾ। ਪਿਛਲੇ ਸਾਲ ਕਣਕ ਪੈਦਾਵਾਰ ਰਿਕਾਰਡ 9.97 ਕਰੋੜ ਟਨ ਸੀ। ਯਾਦ ਰਹੇ ਠੰਢਾ ਮੌਸਮ ਕਣਕ ਦੀ ਫਸਲ ਲਈ ਵਰਦਾਨ ਸਮਝਿਆ ਜਾਂਦਾ ਹੈ। ਮਲਹੋਤਰਾ ਨੇ ਕਿਹਾ ਕਿ ਦਾਲਾਂ ਦਾ ਉਤਪਾਦਨ ਲਗਪਗ 2.5 ਕਰੋੜ ਟਨ ਦੇ ਪਿਛਲੇ ਸਾਲ ਦੇ ਉਤਪਾਦਨ ਦੇ ਬਰਾਬਰ ਹੀ ਰਹਿਣ ਦੀ ਸੰਭਾਵਨਾ ਹੈ। ਫ਼ਸਲੀ ਵਰ੍ਹੇ 2018-19 (ਜੁਲਾਈ ਤੋਂ ਜੂਨ) ਵਿਚ ਤੇਲ ਬੀਜਾਂ ਦੀ ਪੈਦਾਵਾਰ ਪਿਛਲੇ ਵਰ੍ਹੇ ਦੇ 2.9 ਕਰੋੜ ਟਨ ਦੇ ਮੁਕਾਬਲੇ ਵਧ ਕੇ 3.2 ਤੋਂ 3.3 ਕਰੋੜ ਹੋ ਸਕਦੀ ਹੈ। ਮਲਹੋਤਰਾ ਨੇ ਮਿੰਟ ਫਾਰਮਿੰਗ ’ਤੇ ਫਿੱਕੀ ਦੇ ਸੰਮੇਲਨ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਣਕ ਦੀ ਫ਼ਸਲ ਚੰਗੀ ਹਾਲਤ ਵਿੱਚ ਹੈ। ਹਾਲ ਹੀ ਵਿੱਚ ਹੋਈ ਬਾਰਸ਼ ਤੇ ਲੰਮੀ ਸਰਦ ਰੁੱਤ ਕਣਕ ਲਈ ਵਰਦਾਨ ਸਾਬਤ ਹੋਵੇਗੀ। ਰਾਜਾਂ ਤੋਂ ਪ੍ਰਾਪਤ ਹੋਈ ਸੂਚਨਾ ਦੇ ਆਧਾਰ ’ਤੇ ਪੈਦਾਵਾਰ ਵਧਣ ਦੇ ਆਸਾਰ ਹਨ। ਪਿਛਲੇ ਹਫ਼ਤੇ ਤੱਕ ਮੁੱਖ ਹਾੜ੍ਹੀ ਸੀਜ਼ਨ ਦੀ ਫ਼ਸਲ ਕਣਕ ਦੀ ਬਿਜਾਈ ਦਾ ਰਕਬਾ ਕਰੀਬ 298.47 ਲੱਖ ਏਕੜ ਤੱਕ ਪੁੱਜਾ ਸੀ। ਪਿਛਲੇ ਵਰ੍ਹੇ ਇਸੇ ਦੌਰਾਨ 299.84 ਲੱਖ ਏਕੜ ਵਿਚ ਕਣਕ ਦੀ ਬਿਜਾਈ ਹੋਈ ਸੀ। ਮਲਹੋਤਰਾ ਨੇ ਕਿਹਾ ਕਿ ਦੇਸ਼ ਦਾਲਾਂ ਦੇ ਉਤਪਾਦਨ ਵਿਚ ਆਤਮ ਨਿਰਭਰ ਹੋ ਗਿਆ ਹੈ ਤੇ ਹੁਣ ਸਰਕਾਰ ਦਾ ਧਿਆਨ ਖਾਣਯੋਗ ਤੇਲਾਂ ਦੀ ਦਰਾਮਦ ਵਿਚ ਕਟੌਤੀ ਕਰਕੇ ਤੇਲ ਬੀਜਾਂ ਦਾ ਉਤਪਾਦਨ ਵਧਾਉਣ ਵੱਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਮਿੰਟ ਦੀ ਪੈਦਾਵਾਰ ਵਧਾਉਣ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ।