ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਆਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਕੈਪਟਨ ਸਰਕਾਰ ਨੂੰ ਸੁਝਾਅ ਦਿੰਦਿਆਂ ਦੇਸੀ ਤੇ ਵਿਦੇਸ਼ੀ ਨਸਲ ਦੇ ਪਸ਼ੂਆਂ ਨੂੰ ਵੱਖ-ਵੱਖ ਕਰਨ ਦੀ ਅਪੀਲ ਕੀਤੀ। 'ਆਪ' ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਅਮਰੀਕੀ (ਬੋਸ ਟੋਰਿਸ) ਤੇ ਭਾਰਤੀ ਨਸਲ ਦੀਆਂ ਦੇਸੀ ਗਊਆਂ (ਬੋਸ ਇੰਡੀਜੀਨਸ) ਨਸਲ ਨੂੰ ਵੱਖ-ਵੱਖ ਕਰਕੇ ਸਿਰਫ਼ ਦੇਸੀ ਨਸਲ ਦੀਆਂ ਗਊਆਂ-ਢੱਠਿਆਂ ਦੀ ਸਾਂਭ-ਸੰਭਾਲ 'ਤੇ ਜ਼ੋਰ ਦਿੱਤਾ ਜਾਵੇ।


ਉਨ੍ਹਾਂ ਕਿਹਾ ਕਿ ਅਮਰੀਕੀ ਨਸਲ ਨੂੰ ਧਾਰਮਿਕ ਤੌਰ 'ਤੇ ਅਤੇ ਕਿਸੇ ਵੀ ਹੋਰ ਹਿਸਾਬ ਨਾਲ ਦੇਸੀ ਨਸਲ ਦੀਆਂ ਗਊਆਂ ਤੇ ਢੱਠਿਆਂ ਨਾਲ ਨਹੀਂ ਜੋੜਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਸਰਕਾਰ ਇਸ ਦਲੀਲ ਦੀ ਪੁਸ਼ਟੀ ਲਈ ਦੋਵੇਂ ਨਸਲਾਂ ਦਾ ਡੀਐਨਏ ਟੈਸਟ ਕਰਵਾ ਸਕਦੀ ਹੈ।

ਉਨ੍ਹਾਂ ਕਿਹਾ ਕਿ ਆਵਾਰਾ ਪਸ਼ੂਆਂ ਦੀ ਸਮੱਸਿਆ ਦੀ ਜੜ੍ਹ ਅਮਰੀਕੀ ਨਸਲ ਹੀ ਹੈ। ਅਮਨ ਅਰੋੜਾ ਨੇ ਕਿਹਾ ਕਿ ਆਵਾਰਾ ਪਸ਼ੂਆਂ ਕਾਰਨ ਵੱਡੀ ਗਿਣਤੀ 'ਚ ਸੜਕ ਹਾਦਸੇ ਹੁੰਦੇ ਹਨ ਤੇ ਪ੍ਰਤੀ ਸਾਲ ਹੁੰਦੇ ਸੜਕ ਹਾਦਸਿਆਂ 'ਚ ਕਰੀਬ 150 ਜਾਨਾਂ ਆਵਾਰਾ ਪਸ਼ੂਆਂ ਕਾਰਨ ਜਾਂਦੀਆਂ ਹਨ। ਇਸ ਤੋਂ ਇਲਾਵਾ ਆਵਾਰਾ ਪਸ਼ੂਆਂ ਪ੍ਰਤੀ ਸਾਲ 200 ਕਰੋੜ ਰੁਪਏ ਦੀਆਂ ਫ਼ਸਲਾਂ ਦਾ ਨੁਕਸਾਨ ਕਰਦੇ ਹਨ।