ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਲੀਡਰਾਂ ਨੇ ਅੱਜ ਆਪਣੀ ਸਰਕਾਰ ਵੇਲੇ ਹੋਈਆਂ ਭੁੱਲਾਂ ਬਖਸਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਅਖੰਡ ਪਾਠ ਆਰੰਭ ਕਰਾਇਆ। ਇਸ ਮੌਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਮੰਤਰੀ, ਵਿਧਾਇਕ, ਕੋਰ ਕਮੇਟੀ ਦੇ ਮੈਂਬਰ, ਜ਼ਿਲ੍ਹਾ ਪ੍ਰਧਾਨ ਤੇ ਸ਼੍ਰੋਮਣੀ ਕਮੇਟੀ ਮੈਂਬਰ ਹਾਜ਼ਰ ਹੋਏ।

ਬਾਦਲ ਪਰਿਵਾਰ ਸਣੇ ਅਕਾਲੀ ਲੀਡਰਾਂ ਨੇ ਜੋੜਿਆਂ ਦੀ ਸੇਵਾ ਵੀ ਕੀਤੀ। ਇਸ ਮੌਕੇ ਸੁਖਬੀਰ ਬਾਦਲ ਦਾ ਦਾਹੜਾ ਖੁੱਲ੍ਹ ਹੋਇਆ ਸੀ। ਬਾਦਲ ਪਰਿਵਾਰ ਅਗਲੇ ਤਿੰਨ ਦਿਨ ਇੱਥੇ ਹੀ ਰਹਿ ਕੇ ਸੇਵਾ ਕਰੇਗਾ। ਅਕਾਲੀ ਦਲ ਨੇ ਇਹ ਫੈਸਲਾ ਸਿੱਖਾਂ ਦੀ ਵਧ ਰਹੀ ਨਾਰਾਜ਼ਗੀ ਮਗਰੋਂ ਲਿਆ ਹੈ। ਅਖੰਡ ਪਾਠ ਰਖਵਾਉਣ ਸਬੰਧੀ ਫ਼ੈਸਲਾ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵਿਚ ਲਿਆ ਗਿਆ ਸੀ। ਪਾਰਟੀ ਦੇ ਬੁਲਾਰੇ ਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸਮੁੱਚਾ ਅਕਾਲੀ ਦਲ ਆਮ ਸ਼ਰਧਾਲੂ ਵਜੋਂ ਗੁਰੂ ਘਰ ਨਤਮਸਤਕ ਹੋਵੇਗਾ।

ਯਾਦ ਰਹੇ ਪਹਿਲਾਂ ਪਾਰਟੀ ’ਚੋਂ ਕੱਢੇ ਗਏ ਟਕਸਾਲੀ ਲੀਡਰਾਂ ਵੱਲੋਂ ਵੀ ਅਜਿਹੀ ਖਿਮਾ ਦੀ ਮੰਗ ਕੀਤੀ ਗਈ ਸੀ ਪਰ ਉਸ ਵੇਲੇ ਉਨ੍ਹਾਂ ਦੀ ਮੰਗ ਨੂੰ ਦਰਕਿਨਾਰ ਕਰ ਦਿੱਤਾ ਗਿਆ ਸੀ। ਇਸ ਬਾਰੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਆਖਿਆ ਕਿ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਨੂੰ ਹੁਣ ਆਪਣੀਆਂ ਗਲਤੀਆਂ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਹੁਣ ਮੁਆਫ਼ੀ ਮੰਗਣਾ ਸਿਰਫ਼ ਦਿਖਾਵਾ ਹੈ ਤਾਂ ਜੋ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ ਡਿੱਗ ਰਹੀ ਸਾਖ਼ ਨੂੰ ਬਚਾਇਆ ਜਾ ਸਕੇ।