ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਤੇ ਖਾਸਕਰ ਬਾਦਲ ਪਰਿਵਾਰ ਦਾ ਭੁੱਲਾਂ ਬਖਸ਼ਾਉਣ ਵਾਲਾ ਪੈਂਤੜਾ ਵੀ ਕਈ ਵਿਵਾਦਾਂ ਵਿੱਚ ਘਿਰ ਗਿਆ। ਬਾਦਲ ਪਰਿਵਾਰ ਸਣੇ ਹੋਰ ਅਕਾਲੀ ਲੀਡਰਾਂ ਦੇ ਸ਼੍ਰੀ ਹਰਿਮੰਦਰ ਸਹਿਬ ਵਿਖੇ ਪਹੁੰਚਣ ਕਰਕੇ ਆਮ ਸ਼ਰਧਾਲੂਆਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਨ੍ਹਾਂ ਨੂੰ ਜ਼ੈੱਡ ਪਲੱਸ ਸੁਰੱਖਿਆ ਮਿਲੀ ਹੋਈ ਹੈ।
ਇਸ ਤੋਂ ਇਲਾਵਾ ਸੁਰੱਖਿਆ ਦਸਤਿਆਂ ਕਰਕੇ ਮਰਿਆਦਾ ਦੀ ਵੀ ਉਲੰਘਣਾ ਹੋਈ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੰਗਰ ਘਰ ਵਿੱਚ ਸੇਵਾ ਲਈ ਗਏ ਤਾਂ ਸੁਰੱਖਿਆ ਕਰਮਚਾਰੀ ਬੂਟਾਂ ਸਮੇਤ ਦਾਖਲ ਹੋ ਗਏ। ਇਹ ਸਭ ਵੇਖ ਉੱਥੇ ਹਾਜ਼ਰ ਸੰਗਤਾਂ ਨੇ ਸਖ਼ਤ ਵਿਰੋਧ ਕੀਤਾ। ਇਸ ਮਗਰੋਂ ਸੰਗਤਾਂ ਦੇ ਗੁੱਸੇ ਨੂੰ ਵੇਖ ਸੁਰੱਖਿਆ ਕਰਮਚਾਰੀ ਪਿੱਛੇ ਹਟ ਗਏ>
ਉੱਧਰ, ਸ਼੍ਰੋਮਣੀ ਕਮੇਟੀ ਉੱਪਰ ਵੀ ਸਵਾਲ ਉੱਠੇ ਹਨ। ਪਤਾ ਲੱਗਾ ਹੈ ਕਿ ਖਿਮਾ ਯਾਚਨਾ ਲਈ ਆਏ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਵਾਗਤ ਲਈ ਸ਼੍ਰੋਮਣੀ ਕਮੇਟੀ ਵੱਲੋਂ ਲਾਲ ਗਲੀਚੇ ਵਿਛਾਏ ਹੋਏ ਸਨ। ਇਸ ਦਾ ਸੰਗਤਾਂ ਵਿੱਚ ਕਾਫੀ ਰੋਸ ਹੈ।
ਸਿੱਖ ਵਿਦਵਾਨਾਂ ਦਾ ਕਹਿਣਾ ਹੈ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਖਿਮਾ ਯਾਚਨਾ ਲਈ ਆਏ ਹਨ ਤਾਂ ਉਨ੍ਹਾਂ ਨੂੰ ਨਿਮਾਣੇ ਸਿੱਖ ਵਾਂਗ ਆਉਣਾ ਚਾਹੀਦਾ ਹੈ। ਇਸ ਤਰ੍ਹਾਂ ਲਾਮ-ਲਸ਼ਕਰ ਤੇ ਸ਼ਾਹੀ ਸਵਾਗਤਾਂ ਨਾਲ ਆ ਕੇ ਉਨ੍ਹਾਂ ਮਰਿਆਦਾ ਦੀ ਉਲੰਘਣਾ ਕੀਤੀ ਹੈ। ਸੋਸ਼ਲ ਮੀਡੀਆ ਉੱਪਰ ਵੀ ਜ਼ਿਆਦਾਤਰ ਲੋਕ ਇਹੀ ਟਿੱਪਣੀਆਂ ਕਰ ਰਹੇ ਹਨ ਕਿ ਇਹ ਸੇਵਾ ਨਹੀਂ ਡਰਾਮਾ ਹੈ।