ਸ਼੍ਰੋਮਣੀ ਅਕਾਲੀ ਦਲ ਲਈ ਪਿੰਡਾਂ ਵਿੱਚ ਖ਼ਤਰੇ ਦੀ ਘੰਟੀ!
ਏਬੀਪੀ ਸਾਂਝਾ | 23 Sep 2018 12:34 PM (IST)
ਪੁਰਾਣੀ ਤਸਵੀਰ
ਚੰਡੀਗੜ੍ਹ: ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਦੇ ਨਤੀਜੇ ਸ਼੍ਰੋਮਣੀ ਅਕਾਲੀ ਦਲ ਲਈ ਖ਼ਤਰੇ ਦੀ ਘੰਟੀ ਹਨ। ਬੇਸ਼ੱਕ ਇਨ੍ਹਾਂ ਚੋਣਾਂ ਵਿੱਚ ਆਮ ਤੌਰ 'ਤੇ ਸੱਤਾਧਿਰ ਨੂੰ ਹੀ ਬਹੁਮਤ ਹਾਸਲ ਹੁੰਦਾ ਹੈ ਪਰ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਤਰ੍ਹਾਂ ਨਾਲ ਸਫਾਇਆ ਹੀ ਹੋ ਜਾਣਾ, ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਵੱਡੀ ਗੱਲ ਇਹ ਹੈ ਕਿ ਪੇਂਡੂ ਖੇਤਰ ਅਕਾਲੀ ਦਲ ਦੇ ਗੜ੍ਹ ਮੰਨੇ ਜਾਂਦੇ ਹਨ ਤੇ ਇੱਥੋਂ ਦੇ ਵੋਟਰਾਂ ਨੇ ਪੰਥਕ ਕਹੀ ਜਾਣ ਵਾਲੀ ਪਾਰਟੀ ਨੂੰ ਨਾਕਾਰ ਦਿੱਤਾ ਹੈ। ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਦੇ ਨਤੀਜਿਆਂ ਮੁਤਾਬਕ ਕਾਂਗਰਸ ਦੇ ਉਮੀਦਵਾਰਾਂ ਦੀ ਹੂੰਝਾਫੇਰ ਜਿੱਤ ਹੋਈ ਹੈ। ਸੂਬੇ ਦੀਆਂ ਸਾਰੀਆਂ 22 ਜ਼ਿਲ੍ਹਾ ਪ੍ਰੀਸ਼ਦਾਂ ’ਤੇ ਕਾਂਗਰਸ ਨੇ ਕਬਜ਼ਾ ਕੀਤਾ ਹੈ। ਇਸੇ ਤਰ੍ਹਾਂ 150 ਪੰਚਾਇਤ ਸਮਿਤੀਆਂ ਵਿੱਚੋਂ ਵੀ 145 ਤੋਂ ਵੱਧ ’ਤੇ ਕਾਂਗਰਸ ਨੂੰ ਬਹੁਮਤ ਮਿਲਿਆ ਹੈ। ਪੰਚਾਇਤ ਸਮਿਤੀਆਂ ਵਿੱਚ ਸਿਰਫ ਮਜੀਠਾ ਬਲਾਕ ਨੇ ਸ਼੍ਰੋਮਣੀ ਅਕਾਲੀ ਦਲ ਦੀ ਲਾਜ ਰੱਖੀ ਹੈ ਜਿੱਥੇ ਸਪੱਸ਼ਟ ਬਹੁਮਤ ਮਿਲਿਆ ਹੈ। ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਇਨ੍ਹਾਂ ਚੋਣਾਂ ਵਿੱਚ ਬੇਅਦਬੀ ਮਾਮਲਿਆਂ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਆਉਣ ਦਾ ਮੁੱਦਾ ਸਭ ਤੋਂ ਅਹਿਮ ਰਿਹਾ। ਇਹੀ ਕਾਰਨ ਹੈ ਕਿ ਪਿੰਡਾਂ ਵਿੱਚ ਲੋਕ ਵੋਟ ਪਾਉਣ ਨਿਕਲੇ ਹੀ ਨਹੀਂ। ਇਸ ਵਾਰ ਸਿਰਫ 58.10 ਫੀਸਦੀ ਵੋਟਿੰਗ ਹੀ ਹੋਈ। ਸਪਸ਼ਟ ਹੈ ਕਿ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਕੇਡਰ ਨੇ ਵੋਟਾਂ ਵਿੱਚ ਕੋਈ ਉਤਸ਼ਾਹ ਨਹੀਂ ਵਿਖਾਇਆ। ਇਸ ਲਈ ਪਿੰਡਾਂ ਵਿੱਚ ਅਕਾਲੀ ਦਲ ਦੇ ਪੈਰ ਉਖੜਦੇ ਨਜ਼ਰ ਆ ਰਹੇ ਹਨ। ਉਧਰ, ਜਿੱਥੇ ਸ਼੍ਰੋਮਣੀ ਅਕਾਲੀ ਦਲ ਦਾ ਬੇਅਦਬੀ ਮਾਮਲੇ ਵਿੱਚ ਘਿਰਨ ਕਰਕੇ ਨੁਕਸਾਨ ਹੋਇਆ, ਉੱਥੇ ਆਮ ਆਦਮੀ ਪਾਰਟੀ ਦੇ ਅੰਦਰੂਨੀ ਕਲੇਸ਼ ਕਰਕੇ ਵੋਟਰਾਂ ਨੇ ਕੋਈ ਉਤਸ਼ਾਹ ਨਹੀਂ ਵਿਖਾਇਆ। ਵਿਧਾਨ ਸਭਾ ਚੋਣਾਂ ਦੌਰਾਨ ਮੁੱਖ ਵਿਰੋਧੀ ਧਿਰ ਦੇ ਰੂਪ ਵਿੱਚ ਉੱਭਰੀ ਆਮ ਆਦਮੀ ਪਾਰਟੀ (ਆਪ) ਦੇ ਪੱਲੇ ਵੱਡੀ ਨਿਰਾਸ਼ਾ ਪਈ। ਇਸ ਪਾਰਟੀ ਦਾ ਕੁਝ ਕੁ ਸਮਿਤੀਆਂ ’ਤੇ ਮਹਿਜ਼ ਖਾਤਾ ਹੀ ਖੁੱਲ੍ਹ ਸਕਿਆ ਹੈ। ਹੈਰਾਨੀ ਦੀ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਜੱਦੀ ਗੜ੍ਹ ਨੂੰ ਨਹੀਂ ਬਚਾ ਸਕੇ। ਮੁਕਸਤਰ, ਫਿਰੋਜ਼ਪੁਰ, ਫਰੀਦਕੋਟ, ਬਠਿੰਡਾ ਤੇ ਮਾਨਸਾ ਵਿੱਚ ਵੀ ਕਾਂਗਰਸ ਦੀ ਫਤਿਹ ਅਕਾਲੀ ਦਲ ਲਈ ਵੱਡਾ ਝਟਕਾ ਹੈ। ਹਾਲਾਂਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਪੁੱਤਰ ਨੇ ਅਕਾਲੀ ਵਰਕਾਰਾਂ ਦਾ ਮਨੋਬਲ ਚੁੱਕਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਸੀ ਤੇ ਖੁਦ ਚੋਣਾਂ ਵਾਲੇ ਦਿਨ ਮੈਦਾਨ ਵਿੱਚ ਨਿੱਤਰੇ ਸਨ।