ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਹਮਲੇ ਤੇਜ਼ ਕਰ ਦਿੱਤੇ ਹਨ। ਅੱਜ ਉਨ੍ਹਾਂ ਨੇ ਮੁਹਾਲੀ ਪਹੁੰਚ ਕੇ ਗੁੰਡਾ ਟੈਕਸ ਦਾ ਮੁੱਦਾ ਉਠਾਉਂਦਿਆਂ ਕੈਪਟਨ ਨੂੰ ਵੰਗਾਰਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਰਕਾਰ ਨਾਂ ਦੀ ਕੋਈ ਸ਼ੈਅ ਨਹੀਂ। ਮੁੱਖ ਮੰਤਰੀ ਕੋਲ ਲੋਕਾਂ ਨੂੰ ਮਿਲਣ ਦਾ ਸਮਾਂ ਹੀ ਨਹੀਂ। ਕਾਂਗਰਸੀ ਮੰਤਰੀਆਂ ਨੇ ਖੁਦ ਹੀ ਲੁੱਟ-ਲੁੱਟ ਕੇ ਖਜ਼ਾਨਾ ਖਾਲੀ ਕਰ ਦਿੱਤਾ ਹੈ।


ਦਰਅਸਲ ਪੰਜਾਬ ਵਿੱਚ ਚੱਲ ਰਹੀ ਨਾਜਾਇਜ਼ ਮਾਈਨਿੰਗ ਤੇ ਗੁੰਡਾ ਟੈਕਸ ਖਿਲਾਫ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਨੇ ਅੱਜ ਮੁਹਾਲੀ ਦੇ ਡੀਸੀ ਦਫ਼ਤਰ ਬਾਹਰ ਧਰਨਾ ਲਾਇਆ ਸੀ। ਇਸ ਧਰਨੇ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਗਈ। ਨਾਜਾਇਜ਼ ਮਾਈਨਿੰਗ ਤੇ ਗੁੰਡਾ ਟੈਕਸ ਦੇ ਮੁੱਦੇ 'ਤੇ ਡੇਰਾਬੱਸੀ ਦੇ ਵਿਧਾਇਕ ਐਨਕੇ ਸ਼ਰਮਾ ਨੇ ਪਿਛਲੇ ਕੁਝ ਦਿਨਾਂ ਤੋਂ ਝੰਡਾ ਚੁੱਕਿਆ ਹੋਇਆ ਹੈ।

ਇਸ ਤਹਿਤ ਅੱਜ ਧਰਨਾ ਲਾਇਆ ਗਿਆ। ਇਸ ਦੌਰਾਨ ਸੁਖਬੀਰ ਬਾਦਲ ਨੇ ਅਫਸਰਸ਼ਾਹੀ ਨੂੰ ਸਿੱਧੇ ਤੌਰ 'ਤੇ ਨਿਸ਼ਾਨੇ 'ਤੇ ਰੱਖਿਆ। ਉਨ੍ਹਾਂ ਕਿਹਾ ਕਿ ਡੀਸੀ ਤੇ ਐਸਐਸਪੀ ਜੋ ਅੱਜ ਇਨ੍ਹਾਂ ਮਾਮਲਿਆਂ 'ਤੇ ਚੁੱਪ ਬੈਠੇ ਹਨ, ਸਰਕਾਰ ਬਦਲਣ 'ਤੇ ਉਹ ਬੋਲਣਗੇ ਕਿਹੜੇ ਮੰਤਰੀਆਂ ਦੀ ਸਾਜ਼ਿਸ਼ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦਾ ਸਿਰਫ ਡੇਢ ਸਾਲ ਹੀ ਰਹਿ ਗਿਆ ਹੈ।

ਸੁਖਬੀਰ ਬਾਦਲ ਨੇ ਧਰਨੇ ਦੌਰਾਨ ਕਿਹਾ ਕਿ ਜੋ ਵੀ ਅਫ਼ਸਰ ਇਨ੍ਹਾਂ ਦਾ ਸਾਥ ਦੇ ਰਹੇ ਹਨ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਉਨ੍ਹਾਂ ਨੂੰ ਵੀ ਅੰਦਰ ਕਰ ਦਿੱਤਾ ਜਾਏਗਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਨਵੀਂ ਮਾਈਨਿੰਗ ਪਾਲਿਸੀ ਲੀਡਰਾਂ ਦੇ ਘਰ ਭਰਨ ਲਈ ਬਣਾਈ ਗਈ ਹੈ। ਸਰਕਾਰ ਬਦਲਣ 'ਤੇ ਮਾਈਨਿੰਗ ਵਾਲੇ ਗੁੰਡਿਆਂ ਨੂੰ ਅਕਾਲੀ ਦਲ ਦੀ ਸਰਕਾਰ ਕਰੜੇ ਹੱਥੀਂ ਲਏਗੀ।