ਫਸਲਾਂ ਦੇ ਭਾਅ 'ਤੇ ਕਸੂਤੇ ਘਿਰੇ ਸੁਖਬੀਰ ਬਾਦਲ ਦਾ ਕਿਸਾਨਾਂ ਨੂੰ ਆਫਰ
ਏਬੀਪੀ ਸਾਂਝਾ | 20 Jul 2020 04:42 PM (IST)
ਸੁਖਬੀਰ ਬਾਦਲ ਨੇ ਕਿਸਾਨ ਜਥੇਬੰਦੀਆਂ ਦੇ ਸਾਹਮਣੇ ਪ੍ਰਸਤਾਵ ਰੱਖਿਆ ਹੈ ਕਿ ਉਹ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਤੋਂ ਖੇਤੀਬਾੜੀ ਉਤਪਾਦਨ ਵਪਾਰ ਤੇ ਵਣਜ ਆਰਡੀਨੈਂਸ-2020 ਬਾਰੇ ਜ਼ਰੂਰੀ ਸਪਸ਼ਟੀਕਰਨ ਲੈਣ ਲਈ ਵਫ਼ਦ ਦੀ ਅਗਵਾਈ ਕਰਨਗੇ।
ਪੁਰਾਣੀ ਤਸਵੀਰ
ਚੰਡੀਗੜ੍ਹ: ਫਸਲਾਂ ਦੇ ਭਾਅ 'ਤੇ ਕਸੂਤੇ ਘਿਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਸਾਨਾਂ ਨੂੰ ਆਫਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਐਮਐਸਪੀ ਤੇ ਮੰਡੀਕਰਨ ਪਹਿਲਾਂ ਹੀ ਦੁਖੀ ਕਿਸਾਨਾਂ ਲਈ ਜ਼ਿੰਦਗੀ ਤੇ ਮੌਤ ਦਾ ਸਵਾਲ ਹੈ। ਅਸੀਂ ਇਸ ਨੂੰ ਯਕੀਨੀ ਬਣਾਉਣ ਲਈ ਕੋਈ ਵੀ ਕੀਮਤ ਅਦਾ ਕਰਨ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਹਾਲਾਂਕਿ ਖੇਤੀਬਾੜੀ ਮੰਤਰੀ ਨੇ ਪਹਿਲਾਂ ਹੀ ਭਰੋਸਾ ਦਿੱਤਾ ਸੀ ਕਿ ਐਮਐਸਪੀ ਲਾਗੂ ਹੈ ਤੇ ਭਵਿੱਖ ਵਿੱਚ ਵੀ ਲਾਗੂ ਰਹੇਗੀ ਪਰ ਉਹ ਕਿਸਾਨ ਸੰਗਠਨਾਂ ਦਾ ਵਫ਼ਦ ਮੰਤਰੀ ਕੋਲ ਲਿਜਾਣ ਲਈ ਤਿਆਰ ਹਨ ਤਾਂ ਜੋ ਲੋੜ ਪੈਣ ‘ਤੇ ਇਸ ਮੁੱਦੇ ‘ਤੇ ਕੋਈ ਸਪਸ਼ਟੀਕਰਨ ਮੰਗਿਆ ਜਾ ਸਕੇ। ਉਨ੍ਹਾਂ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾਂ ਹੀ ਕਿਸਾਨਾਂ ਨਾਲ ਖੜ੍ਹਾ ਰਹੇਗਾ ਤੇ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਨਾਲ ਛੇੜਛਾੜ ਨਹੀਂ ਕਰਨ ਦੇਵੇਗਾ। ਸੁਖਬੀਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਇਸ ਸੰਵੇਦਨਸ਼ੀਲ ਮੁੱਦੇ ‘ਤੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਇਸ ਦੇ ਨਾਲ ਹੀ ਸੁਖਬੀਰ ਨੇ ਜਾਖੜ ਨੂੰ ਸਵਾਲ ਵੀ ਕੀਤੇ। ਇਸ ਦੌਰਾਨ ਬਾਦਲ ਨੇ ਜਾਖੜ ਨੂੰ ਪੁੱਛਿਆ ਕਿ ਕੀ ਜੇ ਪੰਜਾਬ ਵਿੱਚ ਝੋਨੇ ਦੀ ਫਸਲ ਤਿੰਨ ਮਹੀਨਿਆਂ ਬਾਅਦ ਐਮਐਸਪੀ ਮੁਤਾਬਕ ਖਰੀਦੀ ਗਈ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇਣਗੇ? ਉਨ੍ਹਾਂ ਕਿਹਾ ਕਿ ਕੇਂਦਰੀ ਖੇਤੀਬਾੜੀ ਮੰਤਰੀ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਹਨ ਕਿ ਸਾਰੀ ਸਰਕਾਰੀ ਖਰੀਦ ਮੰਡੀਆਂ ਵਿੱਚੋਂ ਹੀ ਹੋਵੇਗੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904