ਚੰਡੀਗੜ੍ਹ: ਖੇਤੀਬਾੜੀ ਸੈਕਟਰ ਦੇ ਆਰਡੀਨੈਂਸਾਂ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਹਰ ਰਣਨੀਤੀ ਫੇਲ੍ਹ ਸਾਬਤ ਹੋ ਰਹੀ ਹੈ। ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਮੁੱਦੇ 'ਤੇ ਕੈਪਟਨ ਸਰਕਾਰ ਨੂੰ ਹੀ ਘੇਰਨ ਦੀ ਚਾਲ ਚੱਲੀ ਸੀ ਪਰ ਉਹ ਵੀ ਸਫਲ ਨਹੀਂ ਹੋਈ। ਹੁਣ ਅਕਾਲੀ ਦਲ ਕਸੂਤਾ ਘਿਰ ਗਿਆ ਹੈ। ਉਹ ਆਰਡੀਨੈਂਸਾਂ ਦਾ ਵਿਰੋਧ ਕਰਦਾ ਹੈ ਤਾਂ ਭਾਈਵਾਲ ਬੀਜੇਪੀ ਨਾਲ ਵਿਗੜਦੀ ਹੈ ਪਰ ਜੇਕਰ ਇਸ ਮਾਮਲੇ 'ਤੇ ਖਾਮੋਸ਼ ਰਹਿੰਦਾ ਹੈ ਤਾਂ ਪੰਜਾਬ ਦੇ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਏਗਾ।

ਇਸ ਲਈ ਅਕਾਲੀ ਦਲ ਦੀ ਹਾਲ ਸੱਪ ਦੇ ਮੂੰਹ 'ਚ ਕਿਰਲੀ ਵਾਲੀ ਬਣੀ ਹੋਈ ਹੈ। ਸੂਤਰਾਂ ਮੁਤਾਬਕ ਅਕਾਲੀ ਦਲ ਦੇ ਅੰਦਰ ਹੀ ਇਸ ਗੱਲ਼ ਨੂੰ ਲੈ ਕੇ ਚਰਚਾ ਹੈ ਕਿ ਸੁਖਬੀਰ ਬਾਦਲ ਨੂੰ ਖੇਤੀਬਾੜੀ ਆਰਡੀਨੈਂਸਾਂ ਖਿਲਾਫ ਸਟੈਂਡ ਲੈਣਾ ਚਾਹੀਦਾ ਹੈ। ਇਹ ਮੁੱਦਾ ਕਿਸਾਨਾਂ ਦੇ ਨਾਲ-ਨਾਲ ਪੰਜਾਬ ਦੇ ਸੰਘੀ ਹੱਕਾਂ ਨਾਲ ਜੁੜਿਆ ਹੋਇਆ ਹੈ। ਅਕਾਲੀ ਦਲ ਨੇ ਹਮੇਸ਼ਾਂ ਇਨ੍ਹਾਂ ਮੁੱਦਿਆਂ 'ਤੇ ਹੀ ਸਿਆਸਤ ਕੀਤੀ ਹੈ ਪਰ ਇਸ ਵਾਰ ਬੀਜੇਪੀ ਦੀ ਭਾਈਵਾਲੀ ਕਰਕੇ ਪਾਸਾ ਵੱਟਣਾ ਪੈ ਰਿਹਾ ਹੈ।

ਉਧਰ, ਕੈਪਟਨ ਅਮਰਿੰਦਰ ਸਿੰਘ ਨੇ ਆਰਡੀਨੈਂਸਾਂ ਦੇ ਮੁੱਦੇ ’ਤੇ ਸ਼੍ਰੋਮਣੀ ਅਕਾਲੀ ਦਲ ਨੂੰ ਅਪੀਲ ਕੀਤੀ ਹੈ ਕਿ ਊਹ ਆਪਣੀਆਂ ਰਾਜਸੀ ਮਜਬੂਰੀਆਂ ਨੂੰ ਪਾਸੇ ਰੱਖ ਕੇ ਸੂਬੇ ਦੇ ਕਿਸਾਨਾਂ ਦੇ ਵਡੇਰੇ ਹਿੱਤਾਂ ਲਈ ਆਪਣੀ ਅੰਤਰ ਆਤਮਾ ਦੀ ਆਵਾਜ਼ ਸੁਣਨ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਇਨ੍ਹਾਂ ਆਰਡੀਨੈਂਸਾਂ ਦੇ ਗੰਭੀਰ ਪ੍ਰਭਾਵਾਂ ਨੂੰ ਨਹੀਂ ਸਮਝ ਰਿਹਾ ਤੇ ਸੂਬੇ ਦੇ ਹਿੱਤਾਂ ਨਾਲੋਂ ਆਪਣੇ ਰਾਜਸੀ ਹਿੱਤਾਂ ਨੂੰ ਪਹਿਲ ਦੇ ਰਿਹਾ ਹੈ।

ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਅਕਾਲੀ ਦਲ ਨੇ ਆਪਣੇ ਰਾਜਸੀ ਹਿੱਤਾਂ ਨੂੰ ਇਸੇ ਤਰ੍ਹਾਂ ਅੱਗੇ ਰੱਖੀ ਰੱਖਿਆ ਤਾਂ ਇਹ ਪੰਜਾਬ ਦਾ ਵਿਨਾਸ਼ ਕਰ ਦੇਵੇਗਾ। ਭਾਵੇਂ ਆਰਡੀਨੈਂਸਾਂ ਵਿੱਚ ਘੱਟੋ-ਘੱਟ ਸਮਰਥਨ ਮੁੱਲ ਵਿਵਸਥਾ ਦਾ ਵਿਸ਼ੇਸ਼ ਰੂਪ ਵਿੱਚ ਜ਼ਿਕਰ ਨਾ ਵੀ ਹੋਵੇ ਤਾਂ ਵੀ ਇਹ ਸਪੱਸ਼ਟ ਹੈ ਕਿ ਇਸ ਨਾਲ ਵਿਵਸਥਾ ਦੇ ਖ਼ਾਤਮੇ ਦਾ ਮੁੱਢ ਬੱਝੇਗਾ। ਸੁਖਬੀਰ ਬਾਦਲ ਨੂੰ ਅਸਲ ਵਿੱਚ ਪੂਰੇ ਮਤੇ ਦੀ ਸੱਚੀ ਤੇ ਸੁੱਚੀ ਭਾਵਨਾ ਨਾਲ ਮੁਕੰਮਲ ਤੇ ਸਪੱਸ਼ਟ ਹਮਾਇਤ ਕਰਨੀ ਚਾਹੀਦੀ ਹੈ।