ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਸਭਾ ਚੋਣਾਂ ਵਿੱਚ ਸਭ ਤੋਂ ਵੱਡਾ ਖਮਿਆਜ਼ਾ ਬੇਅਦਬੀ ਤੇ ਗੋਲੀ ਕਾਂਡ ਦਾ ਭੁਗਤਣਾ ਪਏਗਾ। ਕੈਪਟਨ ਸਰਕਾਰ ਵੀ ਜਲਦ ਤੋਂ ਜਲਦ ਇਸ ਮਾਮਲੇ ਦੀ ਜਾਂਚ ਕਰਕੇ ਇੱਕ ਪਾਸੇ ਪੰਥਕ ਵੋਟ ਦਾ ਦਿਲ ਦਿਲ ਜਿੱਤਣਾ ਚਾਹੁੰਦੀ ਤੇ ਨਾਲ ਹੀ ਅਕਾਲੀ ਦਲ ਨੂੰ ਇਸ ਮਾਮਲੇ ਵਿੱਚ ਘੇਰ ਕੇ ਨੁੱਕਰੇ ਲਾਉਣ ਦੀ ਤਿਆਰੀ ਵਿੱਚ ਹੈ। ਬੇਅਦਬੀ ਤੇ ਗੋਲੀ ਬਾਦਲ ਸਰਕਾਰ ਵੇਲੇ ਹੋਇਆ ਸੀ ਤੇ ਉਸ ਵੇਲੇ ਢੁਕਵੀਂ ਕਾਰਵਾਈ ਨਾ ਹੋਣ ਕਰਕੇ ਸਿੱਖਾਂ ਵਿੱਚ ਵਿਆਪਕ ਰੋਸ ਹੈ।

ਉਧਰ, ਸ਼੍ਰੋਮਣੀ ਅਕਾਲੀ ਦਲ ਬੇਅਦਬੀ ਤੇ ਗੋਲੀ ਕਾਂਡ ਦੀ ਜਾਂਚ ਨੂੰ ਲੋਕ ਸਭਾ ਚੋਣਾਂ ਤੱਕ ਲਟਕਾਉਣ ਦੀ ਰਣਨੀਤੀ 'ਤੇ ਚੱਲ ਰਹੀ ਹੈ। ਇਸ ਲਈ ਹੀ ਅਕਾਲੀ ਦਲ ਵੱਲੋਂ ਜਾਂਚ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਕਾਲੀ ਦਲ ਨੇ ਸਭ ਤੋਂ ਵੱਧ ਸਰਗਰਮ ਜਾਂਚ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਸ਼ਿਕਾਇਤ ਚੋਣ ਕਮਿਸ਼ਨ ਕੋਲ ਕਰਕੇ ਉਨ੍ਹਾਂ ਨੂੰ ਦੂਜੇ ਰਾਜ ਵਿੱਚ ਤਬਦੀਲ ਕਰਨ ਦੀ ਮੰਗ ਵੀ ਉਠਾਈ ਹੈ। ਇਸ ਲਈ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਅਕਾਲੀ ਦਲ ਨੂੰ ਘੇਰ ਰਹੀਆਂ ਹਨ।

ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਖ਼ਿਲਾਫ਼ ਦਿੱਤੀ ਸ਼ਿਕਾਇਤ ਨੂੰ ਅਕਾਲੀ ਦਲ ਦੀ ਘਬਰਾਹਟ ਦਾ ਨਤੀਜਾ ਦੱਸਿਆ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ’ਤੇ ਦੋਸ਼ ਲਾਇਆ ਕਿ ਉਹ ਸੱਤਾਧਾਰੀ ਪਾਰਟੀ ਦੇ ਕਹਿਣ ’ਤੇ ਸਿਆਸੀ ਹਿੱਤਾਂ ਤਹਿਤ ਅਕਾਲੀ ਲੀਡਰਾਂ ਨੂੰ ਬੇਅਦਬੀ ਤੇ ਗੋਲੀ ਕਾਂਡ ਵਿੱਚ ਫਸਾ ਰਹੇ ਹਨ। ਉਨ੍ਹਾਂ ਕਿਹਾ ਕਿ ‘ਸਿਟ’ ਸਹੀ ਦਿਸ਼ਾ ਵੱਲ ਆਪਣੀ ਜਾਂਚ ਲੈ ਕੇ ਜਾ ਰਹੀ ਹੈ। ਇਸੇ ਲਈ ਸੁਖਬੀਰ ਬਾਦਲ ਤੇ ਉਨ੍ਹਾਂ ਦੇ ਸਾਥੀ ਘਬਰਾਹਟ ਵਿੱਚ ਹਨ।

ਕੰਵਰਪਾਲ ਸਿੰਘ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਨੂੰ ਡਰ ਹੈ ਕਿ ਇਸ ਮਾਮਲੇ ਵਿੱਚ ਮੁਅੱਤਲ ਆਈਜੀ ਪਰਮਪਾਲ ਸਿੰਘ ਵਾਂਗ ਉਹ ਵੀ ਘੇਰੇ ਵਿੱਚ ਆ ਸਕਦੇ ਹਨ। ਇਸ ਲਈ ਜਾਂਚ ਨੂੰ ਲੀਹੋਂ ਲਾਹੁਣ ਵਾਸਤੇ ਜਾਂਚ ਅਧਿਕਾਰੀ ਨੂੰ ਸੂਬੇ ਤੋਂ ਬਾਹਰ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਜਾਂਚ ਟੀਮ ਵਿੱਚੋਂ ਸਿਰਫ ਇੱਕ ਅਧਿਕਾਰੀ ਨੂੰ ਹੀ ਨਿਸ਼ਾਨਾ ਬਣਾਇਆ ਹੈ ਤੇ ਇੰਝ ਕਰਕੇ ਬਾਕੀ ਅਧਿਕਾਰੀਆਂ ਦੀ ਕਾਰਗੁਜ਼ਾਰੀ ਤੇ ਇਮਾਨਦਾਰੀ ਨੂੰ ਲੋਕਾਂ ਦੀਆਂ ਨਿਗਾਹਾਂ ਵਿੱਚ ਸ਼ੱਕੀ ਕਰ ਦਿੱਤਾ ਹੈ।