ਗੁਰਦਾਸਪੁਰ: ਜ਼ਿਲ੍ਹੇ ਦੇ ਕਸਬੇ ਪੁਰਾਣਾ ਸ਼ਾਲਾ ਨੇੜਲੇ ਪਿੰਡ ਜਗਤਪੁਰ 'ਚ ਸ਼ਿਵ ਸੈਨਾ ਆਗੂ ਅਜੈ ਕੁਮਾਰ ਦੇ ਕਤਲ ਮਾਮਲੇ ਵਿੱਚ ਥਾਣੇਦਾਰ 'ਤੇ ਗਾਜ਼ ਡਿੱਗੀ ਹੈ। ਪੁਰਾਣਾ ਸ਼ਾਲਾ ਥਾਣੇ ਦੇ ਮੁਖੀ ਰਾਮ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਮਗਰੋਂ ਮ੍ਰਿਤਕ ਦੇ ਪਰਿਵਾਰਕ ਮੈਂਬਰ ਅਜੈ ਕੁਮਾਰ ਦੀ ਦੇਹ ਦਾ ਪੋਸਟਮਾਰਟਮ ਕਰਵਾਉਣ ਲਈ ਰਾਜ਼ੀ ਹੋ ਗਏ ਹਨ।
ਵਿਧਾਨ ਸਭਾ ਹਲਕਾ ਦੀਨਾਨਗਰ ਦੇ ਅਧੀਨ ਪੈਂਦੇ ਪਿੰਡ ਜਗਤਪੁਰ ਵਿੱਚ ਬੀਤੀ ਪੰਜ ਅਪਰੈਲ ਨੂੰ ਸ਼ਿਵ ਸੈਨਾ ਬਾਲ ਠਾਕਰੇ ਸਬੰਧਤ 23 ਸਾਲਾ ਨੌਜਵਾਨ ਅਜੈ ਸਲਾਰੀਆ ਨੂੰ ਚਾਰ ਅਣਪਛਾਤੇ ਨੌਜਵਾਨਾਂ ਨੇ ਗੋਲ਼ੀਆਂ ਮਾਰ ਦਿੱਤੀਆਂ ਸਨ। ਪੁਲਿਸ ਵੱਲੋਂ ਕਾਤਲਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ 'ਚ ਢਿੱਲ ਮੱਠ ਵਰਤਣ ਕਾਰਨ ਪਰਿਵਾਰ ਪੋਸਟਮਾਰਟਮ ਨਾ ਕਰਵਾਉਣ 'ਤੇ ਅੜ ਗਿਆ ਸੀ।
ਸ਼ਿਵ ਸੈਨਾ ਦੇ ਆਗੂ ਹਰਵਿੰਦਰ ਸੋਨੀ ਨੇ ਦੱਸਿਆ ਸੀ ਕਿ ਅਜੈ ਨੂੰ ਜਿਨ੍ਹਾਂ ਚਾਰ ਨੌਜਵਾਨਾਂ ਨੇ ਗੋਲ਼ੀਆਂ ਮਾਰੀਆਂ ਸਨ, ਉਹ ਨੌਜਵਾਨ ਪਹਿਲਾਂ ਕਈ ਕ੍ਰਿਮੀਨਲ ਕੇਸਾਂ ਵਿੱਚ ਭਗੌੜੇ ਹਨ। ਪਰਿਵਾਰ ਤੇ ਸੰਸਥਾ ਦੇ ਆਗੂਆਂ ਵੱਲੋਂ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕਣ, ਮਗਰੋਂ ਅੱਜ ਥਾਣਾ ਪੁਰਾਣਾ ਸ਼ਾਲਾ ਦੇ ਐਸਐਚਓ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਹਾਲੇ ਤਕ ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ।