ਜਲੰਧਰ: ਆਪਣੀ ਹੋਂਦ ਦੀ ਲੜਾਈ ਲੜ ਰਿਹਾ ਸ਼੍ਰੋਮਣੀ ਅਕਾਲੀ ਦਲ 1984 ਕਤਲੇਆਮ ਪੀੜਤਾਂ ਨੂੰ ਇਨਸਾਫ ਦਵਾਉਣ ਲਈ ਕੱਲ੍ਹ ਦਿੱਲੀ ਵਿੱਚ ਧਰਨਾ ਦੇਣ ਜਾ ਰਿਹਾ ਹੈ। ਵਿਰੋਧੀ ਧਿਰਾਂ ਸਵਾਲ ਕਰ ਰਹੀਆਂ ਹਨ ਕਿ ਕੇਂਦਰ ਵਿੱਚ ਤਾਂ ਅਕਾਲੀ ਦਲ-ਬੀਜੇਪੀ ਦੀ ਸਰਕਾਰ ਹੈ ਤਾਂ ਫਿਰ ਧਰਨਾ ਕਿਸ ਖਿਲਾਫ ਦਿੱਤਾ ਜਾ ਰਿਹਾ ਹੈ।

ਇਸ ਦੇ ਜਵਾਬ ਦਿੰਦਿਆਂ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਮੰਨਿਆ ਕਿ ਉਹ ਆਪਣੀ ਸਰਕਾਰ 'ਤੇ ਦਬਾਅ ਬਣਾਉਣ ਲਈ ਹੀ ਧਰਨਾ ਦੇ ਰਹੇ ਹਨ। ਹਰਸਿਮਰਤ ਬਾਦਲ ਦੇ ਇਸ ਬਿਆਨ 'ਤੇ ਵੀ ਸਵਾਲ ਉੱਠ ਰਹੇ ਹਨ ਕਿ ਆਪਣੀ ਸਰਕਾਰ ਵਿੱਚ ਵੀ ਉਨ੍ਹਾਂ ਦੀ ਨਹੀਂ ਸੁਣੀ ਜਾ ਰਹੀ।

ਉਧਰ, ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਧਰਨੇ 'ਤੇ ਸਵਾਲ ਚੁੱਕਦਿਆਂ ਕਿਹਾ ਹੈ ਕਿ ਅਕਾਲੀਆਂ ਨੂੰ ਪਹਿਲਾਂ ਸੱਤਾ ਛੱਡਣੀ ਚਾਹੀਦੀ ਹੈ ਤੇ ਫਿਰ ਧਰਨਾ ਦੇਣਾ ਚਾਹੀਦਾ ਹੈ। ਹਰਸਿਮਰਤ ਨੇ ਕਿਹਾ ਕਿ ਜਾਖੜ ਅਸਤੀਫਾ ਕਿਉਂ ਨਹੀਂ ਦਿੰਦੇ ਕਿਉਂਕਿ ਉਨ੍ਹਾਂ ਦੀ ਪਾਰਟੀ ਨੇ ਹੀ ਸਿੱਖ ਕਤਲੇਆਮ ਕਰਵਾਇਆ ਸੀ।

ਜਲੰਧਰ ਦੇ ਇੱਕ ਪ੍ਰੋਗਰਾਮ ਵਿੱਚ ਪਹੁੰਚੀ ਹਰਸਿਮਰਤ ਬਾਦਲ ਨੇ ਕਿਹਾ ਕਿ ਇਹ ਕੇਂਦਰ ਸਰਕਾਰ ਬਣੀ ਤਾਂ ਸਾਨੂੰ ਫਿਰ ਉਮੀਦ ਜਾਗੀ। ਸਰਕਾਰ ਨੇ ਆਉਣ ਸਾਰ ਹੀ ਐਸਆਈਟੀ ਬਣਾ ਕੇ ਡੇ-ਟੂ-ਡੇ ਸੁਣਵਾਈ ਕਰਵਾਈ। ਅਸੀਂ ਹੁਣ ਆਪਣੀ ਸਰਕਾਰ 'ਤੇ ਦਬਾਅ ਪਾਉਣ ਲਈ ਧਰਨਾ ਦੇ ਰਹੇ ਹਾਂ।