ਬੀਬੀਆਂ ਲਈ ਹੈਲਮਟ ਲਾਜ਼ਮੀ ਕਰਨ ਖਿਲਾਫ ਡਟਿਆ ਅਕਾਲੀ ਦਲ
ਏਬੀਪੀ ਸਾਂਝਾ | 12 Jul 2018 04:26 PM (IST)
ਅੰਮ੍ਰਿਤਸਰ: ਚੰਡੀਗੜ੍ਹ ਪ੍ਰਸ਼ਾਸਨ ਅਧੀਨ ਪੈਂਦੇ ਖੇਤਰ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਔਰਤਾਂ ਨੂੰ ਹੈਲਮੈਟ ਲਾਜ਼ਮੀ ਕਰਨ ਦੇ ਮੁੱਦੇ 'ਤੇ ਅਕਾਲੀ ਦਲ ਨੇ ਮੋਰਚਾ ਖੋਲ੍ਹਿਆ ਹੈ। ਅਕਾਲੀ ਦਲ ਨੇ ਫ਼ੈਸਲੇ ਨੂੰ ਵਾਪਸ ਕਰਵਾਉਣ ਲਈ ਰਣਨੀਤੀ ਘੜੀ ਹੈ। ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਔਰਤ ਮੈਂਬਰਾਂ ਤੇ ਵੱਖ-ਵੱਖ ਸੂਬਿਆਂ ਦੀਆਂ ਇਸਤਰੀ ਵਿੰਗ ਦੀਆਂ ਪ੍ਰਧਾਨਾਂ ਨੇ ਅੱਜ ਅੰਮ੍ਰਿਤਸਰ ਵਿੱਚ ਮੀਟਿੰਗ ਕੀਤੀ। ਇਸ ਤਹਿਤ ਅੱਜ ਦੀ ਮੀਟਿੰਗ ਵਿੱਚ ਸਮੂਹਿਕ ਤੌਰ 'ਤੇ ਫ਼ੈਸਲਾ ਲਿਆ ਗਿਆ ਕਿ ਸਿੱਖ ਔਰਤਾਂ ਹੈਲਮੇਟ ਕਿਸੇ ਵੀ ਹਾਲਤ ਵਿੱਚ ਨਹੀਂ ਪਹਿਨਣਗੀਆਂ ਤੇ ਇਹ ਰਹਿਤ ਮਰਿਆਦਾ ਦੇ ਉਲਟ ਹੈ। ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਇਸ ਲਈ ਉਹ ਸਿੰਘ ਸਾਹਿਬਾਨ ਗਿਆਨੀ ਗੁਰਬਚਨ ਸਿੰਘ ਨੂੰ ਮਿਲਣਗੇ। ਇਸ ਤੋਂ ਬਾਅਦ ਉਹ ਪੰਜਾਬ ਦੇ ਗਵਰਨਰ ਤੇ ਯੂਟੀ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੂੰ ਮਿਲਣਗੇ। ਇਸ ਫ਼ੈਸਲੇ ਨੂੰ ਵਾਪਸ ਲੈਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ ਤੇ ਜ਼ਰੂਰਤ ਪੈਣ ਤੇ ਸੰਘਰਸ਼ ਵੀ ਵਿੱਢਿਆ ਜਾ ਸਕਦਾ ਹੈ।