ਚੰਡੀਗੜ੍ਹ: ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਨਵਜੋਤ ਕੌਰ ਸਿੱਧੂ ਵੱਲੋਂ ਸਰਕਾਰ ਦੇ ਕੰਮਕਾਜ 'ਤੇ ਉਠਾਏ ਸਵਾਲਾਂ ਦਾ ਜਵਾਬ ਦਿੱਤਾ ਹੈ। ਧਰਮਸੋਤ ਨੇ ਕਿਹਾ ਕਿ ਜੇਕਰ ਮੈਡਮ ਨੂੰ ਪਿਛਲੀ ਸਰਕਾਰ ਇੰਨੀ ਹੀ ਚੰਗੀ ਲੱਗਦੀ ਸੀ ਤਾਂ ਉਸੇ ਵਿੱਚ ਰਹਿ ਜਾਂਦੇ। ਉਨ੍ਹਾਂ ਕਿਹਾ ਕਿ ਹੁਣ ਉਹ ਸਰਕਾਰ ਵਿੱਚ ਰਹਿ ਕੇ ਵੀ ਵਿਰੋਧੀ ਧਿਰ ਬਣੇ ਬੈਠੇ ਹਨ।
ਧਰਮਸੋਤ ਨੇ ਕਿਹਾ ਕਿ ਮੈਡਮ ਸਿੱਧੂ ਦੀ ਤਾਂ ਕਿਸੇ ਨਾਲ ਵੀ ਨਹੀਂ ਬਣਦੀ। ਉਨ੍ਹਾਂ ਕਿਹਾ ਕਿ ਮੈਡਮ ਸਿੱਧੂ ਨੂੰ ਵਿਕਾਸ ਦੇਖਣਾ ਚਾਹੀਦਾ ਹੈ ਜੋ ਕਾਂਗਰਸ ਸਰਕਾਰ ਵੇਲੇ ਹੋਇਆ। ਇਸ ਮੌਕੇ ਧਰਮਸੋਤ ਨੇ ਕਿਹਾ ਕਿ 2015-16 ਤੱਕ ਦੇ ਸਕਾਲਰਸ਼ਿਪ ਦੇ ਪੈਸੇ ਹਫਤੇ ਵਿੱਚ ਦੇ ਦਿਆਂਗੇ। ਉਨ੍ਹਾਂ ਦੱਸਿਆ ਕਿ ਕਈ ਕਾਲਜਾਂ ਨੇ ਗੜਬੜ ਵੀ ਕੀਤੀ ਸੀ। ਇੱਥੋਂ ਤੱਕ ਕਿ ਕਈ ਕਾਲਜਾਂ ਦੇ 100 ਚੋਂ 70 ਬੱਚੇ ਫੇਕ ਨਿਕਲੇ। ਉਨ੍ਹਾਂ ਇਹ ਵੀ ਕਿਹਾ ਕਿ ਸਕਾਲਰਸ਼ਿਪ ਵਾਲੇ ਬੱਚੇ ਨੂੰ ਕਾਲਜ ਨੂੰ ਕੋਈ ਫੀਸ ਦੇਣ ਦੀ ਲੋੜ ਨਹੀਂ।
ਇਸੇ ਤਰ੍ਹਾਂ ਮੋਗਾ ਵਿੱਚ ਗਾਂਧੀ ਜੈਅੰਤੀ ਮੌਕੇ ਪਹੁੰਚੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਨਵਜੋਤ ਕੌਰ ਸਿਧੂ ਵੱਲੋਂ ਕੈਪਟਨ ਸਰਕਾਰ ਨੂੰ 10 ਵਿੱਚੋਂ 4 ਨੰਬਰ ਦਿੱਤੇ ਜਾਣ 'ਤੇ ਕਿਹਾ ਕਿ ਨਵਜੋਤ ਸਿੱਧੂ ਦਾ ਆਪਣਾ ਨਜ਼ਰੀਆ ਹੈ। ਇੱਕ ਜਮਹੂਰੀ ਦੇਸ਼ ਵਿੱਚ ਰਹਿ ਕੇ ਉਹ ਕੁਝ ਵੀ ਬੋਲ ਸਕਦੇ ਹਨ। ਉਨ੍ਹਾਂ ਕਿਹਾ ਕਿ ਮੈਂ ਕੈਪਟਨ ਸਰਕਾਰ ਦੀਆਂ ਨੀਤੀਆਂ ਤੇ ਸਕੀਮਾਂ ਨੂੰ 10 ਵਿੱਚੋਂ 10 ਨੰਬਰ ਦਿੰਦੀ ਹਾਂ।