ਨਵੀਂ ਦਿੱਲੀ: 1984 ਸਿੱਖ ਕਤਲੇਆਮ ਮਾਮਲੇ ਵਿੱਚ ਅੱਜ ਵੱਡੀ ਖ਼ਬਰ ਆਈ ਹੈ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿੱਚ ਗਵਾਹ ਨੇ ਮੁਲਜ਼ਮ ਸੱਜਣ ਕੁਮਾਰ ਦੀ ਸ਼ਨਾਖ਼ਤ ਕੀਤੀ ਤੇ ਪਹਿਲੀ ਨਵੰਬਰ ਦੌਰਾਨ ਉਸ ਦੀ ਨਿਸ਼ਾਨਦੇਹੀ ਬਾਰੇ ਵੀ ਦੱਸਿਆ। ਅਦਾਲਤ ਨੇ ਅਗਲੀ ਸੁਣਵਾਈ 20 ਨਵੰਬਰ ਨੂੰ ਰੱਖੀ ਹੈ।
ਇਹ ਮਾਮਲਾ ਪਹਿਲੀ ਨਵੰਬਰ 1984 ਨੂੰ ਦਿੱਲੀ ਦੇ ਸੁਲਤਾਨਪੁਰੀ ਇਲਾਕੇ ਵਿੱਚ ਸਿੱਖਾਂ ਦੇ ਕਤਲ ਨਾਲ ਸਬੰਧਤ ਸੀ। ਇਸ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਮੁਲਜ਼ਮ ਸੱਜਣ ਕੁਮਾਰ ਤੇ ਮੁੱਖ ਗਵਾਹ ਚਾਮ ਕੌਰ ਨੇ ਪਛਾਣ ਲਿਆ ਤੇ ਉਨ੍ਹਾਂ ਦੀਆਂ ਕ੍ਰਾਸ ਗਵਾਹੀਆਂ ਵੀ ਹੋਈਆਂ। ਚਾਮ ਕੌਰ ਨੇ ਅਦਾਲਤ ਨੂੰ ਦੱਸਿਆ ਕਿ ਇਹ ਸੱਜਣ ਕੁਮਾਰ ਹੀ ਸੀ, ਜੋ ਉਸ ਦਿਨ ਭੀੜ ਨੂੰ ਆਪਣੇ ਭਾਸ਼ਣ ਨਾਲ ਉਕਸਾ ਰਿਹਾ ਸੀ।
ਸਬੰਧਤ ਖ਼ਬਰ: ਆਲੋਚਨਾ ਕਰਨ 'ਤੇ ਸਿਰਸਾ ਨੇ ਫੂਲਕਾ ਨੂੰ ਦੱਸਿਆ ਸਿੱਖਾਂ ਦਾ ਦੋਖੀ
ਪੀੜਤਾਂ ਨੇ ਇਸ ਮਾਮਲੇ ਦੀ ਰੋਜ਼ਾਨਾ ਸੁਣਵਾਈ ਕਰਨ ਦੀ ਮੰਗ ਕੀਤੀ ਪਰ ਅਦਾਲਤ ਨੇ ਅਗਲੀ ਤਾਰੀਖ਼ 20 ਨਵੰਬਰ ਦੇ ਦਿੱਤੀ ਤੇ ਉਸ ਦਿਨ ਵੀ ਵਕੀਲ ਚਾਮ ਕੌਰ ਤੋਂ ਸਵਾਲ ਕਰਨਗੇ।
ਅੱਜ ਪਟਿਆਲਾ ਹਾਊਸ ਕੋਰਟ ਵਿੱਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੀ ਪਹੁੰਚੇ। ਬੀਤੇ ਦਿਨ ਸਿਰਸਾ ਵੱਲੋਂ ਸਿੱਖ ਕਤਲੇਆਮ ਦੇ ਵੱਖਰੇ ਮਾਮਲੇ ਵਿੱਚ ਦੋਸ਼ੀ ਨੂੰ ਥੱਪੜ ਮਾਰੇ ਗਏ ਸਨ, ਜਿਸ ਕਾਰਨ ਉੱਥੇ ਮਾਹੌਲ ਤਣਾਅਪੂਰਨ ਹੋ ਗਿਆ ਸੀ। ਅੱਜ ਉਨ੍ਹਾਂ ਕਿਹਾ ਕਿ ਉਹ ਗਵਾਹਾਂ ਦਾ ਮਨੋਬਲ ਵਧਾਉਣ ਲਈ ਅਦਾਲਤ ਪਹੁੰਚੇ ਹਨ।
ਇਹ ਵੀ ਪੜ੍ਹੋ: 1984 ਕਤਲੇਆਮ ਸਮੇਂ ਦੋ ਸਿੱਖਾਂ ਦੇ ਕਾਤਲ ਨੂੰ ਸਿਰਸਾ ਨੇ ਮਾਰੀਆਂ ਚਪੇੜਾਂ