ਚੰਡੀਗੜ੍ਹ: ਕਹਿੰਦੇ ਹੈ ਕਿ ਰੱਬ ਦੇ ਘਰ ਦੇਰ ਹੁੰਦੀ ਹੈ, ਹਨ੍ਹੇਰ ਨਹੀਂ। ਇਹ ਕਹਾਵਤ ਸੱਚ ਨਜ਼ਰ ਆਈ ਜਦੋਂ ਗੁਰਦਾਸਪੁਰ ਦੇ ਪਿੰਡ ਚੂੜ ਚੱਕ ਦੇ ਮੋਹਨ ਲਾਲ ਦੀ ਡੇਢ ਕਰੋੜ ਦੀ ਦੀਵਾਲੀ ਬੰਪਰ ਦੀ ਲਾਟਰੀ ਨਿਕਲੀ। ਮੋਹਨ ਲਾਲ ਕਾਫੀ ਗਰੀਬ ਪਰਿਵਾਰ ਨਾਲ ਸਬੰਧਤ ਹਨ ਤੇ ਪਿੰਡ-ਪਿੰਡ ਜਾ ਕੇ ਅਲਮਾਰੀਆਂ ਤੇ ਗਾਡਰ ਠੀਕ ਕਰਨ ਦਾ ਕੰਮ ਕਰਦੇ ਹਨ। ਖ਼ਾਸ ਗੱਲ ਇਹ ਹੈ ਕਿ ਮੋਹਨ ਲਾਲ ਨੇ ਜਿਸ ਕੋਲੋਂ ਟਿਕਟ ਖ਼ਰੀਦੀ ਸੀ, ਉਸ ਰਿਟੇਲਰ ਦਾ ਨਾਂ ਵੀ ਮੋਹਨ ਲਾਲ ਹੀ ਹੈ।

ਦੱਸਿਆ ਜਾਂਦਾ ਹੈ ਕਿ ਮੋਹਨ ਲਾਲ ਕਈ ਸਾਲਾਂ ਤੋਂ ਲਾਟਰੀ ਬੰਪਰ ਖਰੀਦ ਰਹੇ ਸਨ ਪਰ ਪਹਿਲਾਂ ਕਦੀ ਉਨ੍ਹਾਂ ਦੀ ਲਾਟਰੀ ਨਹੀਂ ਨਿਕਲੀ। ਇਸ ਵਾਰ ਉਨ੍ਹਾਂ ਨੂੰ ਪੰਜਾਬ ਸਟੇਟ ਮਹਾਂਲਕਸ਼ਮੀ ਦੀਵਾਲੀ ਬੰਪਰ ਦਾ ਦਾ ਤੋਹਫਾ ਹਾਸਲ ਹੋਇਆ ਹੈ। ਮੋਹਨ ਲਾਲ ਕਾਫੀ ਖ਼ੁਸ਼ ਹਨ। ਉਨ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ।

ਲਾਟਰੀ ਵੇਚਣ ਵਾਲੇ ਮੋਹਨ ਲਾਲ ਨੇ ਦੱਸਿਆ ਕਿ ਮਿਹਨਤ ਮਜ਼ਦੂਰੀ ਕਰਕੇ ਗੁਜ਼ਾਰਾ ਕਰਨ ਵਾਲੇ ਮੋਹਨ ਲਾਲ ਨੇ ਉਸ ਕੋਲੋਂ ਮਹਾਂ ਲਕਸ਼ਮੀ ਦੀਵਾਲੀ ਬੰਪਰ ਦੀ ਟਿਕਟ ਖਰੀਦੀ ਸੀ। ਪਹਿਲਾਂ ਵੀ ਉਹ ਇੱਥੋਂ ਹੀ ਲਾਟਰੀ ਖਰੀਦਿਆ ਕਰਦਾ ਸੀ।

ਉਸ ਨੇ ਦੱਸਿਆ ਕਿ ਉਸ ਕੋਲੋਂ ਲਾਟਰੀ ਜਿੱਤਣ ਵਾਲੇ ਮੋਹਨ ਲਾਲ ਦਾ ਫੋਨ ਨੰਬਰ ਗਵਾਚ ਗਿਆ ਸੀ ਪਰ ਅਖ਼ਬਾਰ ਵਿੱਚ ਜਦੋਂ ਉਸ ਨੇ ਆਪਣਾ ਨੰਬਰ ਵੇਖਿਆ ਤਾਂ ਲਾਟਰੀ ਟਿਕਟ ਲੈ ਕੇ ਉਹ ਖ਼ੁਦ ਹੀ ਉਸ ਦੀ ਦੁਕਾਨ ’ਤੇ ਆ ਗਏ।