ਚੰਡੀਗੜ੍ਹ: ਪੰਜਾਬੀਆਂ ਨੂੰ ਵਾਹਨ ਮਹਿੰਗੇ ਖਰੀਦਣੇ ਪੈਣਗੇ। ਪੰਜਾਬ ਸਰਕਾਰ ਨੇ ਨਵੇਂ ਵਾਹਨਾਂ ਦੀ ਰਜਿਸਟਰੇਸ਼ਨ ’ਤੇ ਇੱਕ ਫੀਸਦੀ ਸਰਚਾਰਜ ਲਾ ਦਿੱਤਾ ਹੈ। ਇਸ ਨਾਲ ਕਾਰਾਂ, ਮੋਟਰਸਾਈਕਲਾਂ ਤੇ ਹੋਰ ਵਾਹਨਾਂ ਦੀ ਖਰੀਦ ਮਹਿੰਗੀ ਹੋ ਜਾਵੇਗੀ। ਇਸ ਦੇ ਨਾਲ ਹੀ ਸਰਕਾਰ ਨੇ ਟਰਾਂਸਪੋਰਟ ਵਾਹਨਾਂ ਦੇ ਕਿਰਾਏ ’ਤੇ 10 ਫੀਸਦੀ ਸਰਚਾਰਜ ਲਾਇਆ ਹੈ।
ਸੀਨੀਅਰ ਅਧਿਕਾਰੀ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਰਕਾਰ ਨੂੰ ਇਸ ਨਾਲ ਸਾਲਾਨਾ 300 ਕਰੋੜ ਰੁਪਏ ਦੀ ਆਮਦਨ ਹੋਣ ਦੀ ਉਮੀਦ ਹੈ। ਅਧਿਕਾਰੀ ਨੇ ਦੱਸਿਆ ਕਿ ਅਜਿਹਾ ਕਰਨ ਦਾ ਮਕਸਦ ਸਮਾਜਿਕ ਸੁਰੱਖਿਆ ਫੰਡ ਜੁਟਾਉਣਾ ਹੈ ਤਾਂ ਜੋ ਸਮਾਜ ਭਲਾਈ ਸਕੀਮਾਂ ਜਿਵੇਂ ਬੁਢਾਪਾ ਪੈਨਸ਼ਨ ਤੇ ਸਿਹਤ ਬੀਮਾ ਸਕੀਮਾਂ ਲਈ ਫੰਡ ਮਿਲ ਸਕੇ।
ਵਾਹਨਾਂ ਦੀ ਰਜਿਸਟਰੇਸ਼ਨ ’ਤੇ ਇੱਕ ਫੀਸਦੀ ਸਰਚਾਰਜ ਲਾਇਆ ਗਿਆ ਹੈ ਜਿਸ ਨਾਲ 200 ਕਰੋੜ ਰੁਪਏ ਦਾ ਮਾਲੀਆ ਇਕੱਠਾ ਹੋਵੇਗਾ। ਟਰਾਂਸਪੋਰਟ ਵਾਹਨਾਂ ਦੇ ਕਿਰਾਏ ’ਤੇ 10 ਫੀਸਦੀ ਸਰਚਾਰਜ ਲਾਇਆ ਗਿਆ ਹੈ, ਜਿਸ ਨਾਲ 100 ਕਰੋੜ ਰੁਪਏ ਦਾ ਮਾਲੀਆ ਇਕੱਠਾ ਹੋਵੇਗਾ।
ਸੂਬਾ ਸਰਕਾਰ ਸਰਚਾਰਜ ਤੋਂ ਇਕੱਠੇ ਹੋਣ ਵਾਲੇ ਮਾਲੀਏ ਦੀ ਵਰਤੋਂ ਮੁੱਢਲੇ ਤੌਰੇ ’ਤੇ ਬੁਢਾਪਾ ਪੈਨਸ਼ਨ ਤੇ ਸਿਹਤ ਬੀਮਾ ਯੋਜਨਾ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਕਰਦੀ ਹੈ। ਪੰਜਾਬ ਪੈਨਸ਼ਨ ’ਤੇ ਸਾਲਾਨਾ 1500 ਕਰੋੜ ਰੁਪਏ ਖਰਚ ਕਰਦਾ ਹੈ, ਜਦੋਂਕਿ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਤੇ ਆਯੂਸ਼ਮਾਨ ਭਾਰਤ ਸਿਹਤ ਯੋਜਨਾ ਦੇ ਸਾਲਾਨਾ ਪ੍ਰੀਮੀਅਮ ਦਾ ਖਰਚਾ 850 ਕਰੋੜ ਰੁਪਏ ਹੈ, ਜਿਸ ਵਿੱਚ ਸਰਕਾਰ ਦਾ ਹਿੱਸਾ 350 ਕਰੋੜ ਰੁਪਏ ਹੈ।