ਗੁਰਦਾਸਪੁਰ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਕਰਜ ਕਰਵਾਇਆ ਹੈ। ਦੋਵਾਂ ਨੇਤਾਵਾਂ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 500 ਤੇ 501 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਭਾਰਤੀ ਜਨਤਾ ਪਾਰਟੀ ਦੇ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਹਾਰੇ ਉਮੀਦਵਾਰ ਸਵਰਨ ਸਲਾਰੀਆ ਨੇ ਪਠਾਨਕੋਟ ਅਦਾਲਤ ਵਿੱਚ ਦੋਵਾਂ ਨੇਤਾਵਾਂ 'ਤੇ ਕੇਸ ਕਰਜ ਕਰਵਾਇਆ ਹੈ।
ਸਲਾਰੀਆ ਮੁਤਾਬਕ ਸਿੱਧੂ ਤੇ ਬਾਦਲ ਵੱਲੋਂ ਲਾਏ ਗੰਭੀਰ ਇਲਜ਼ਾਮਾਂ ਕਾਰਨ ਉਨ੍ਹਾਂ ਦੀ ਹਾਰ ਹੋਈ ਸੀ। ਉਨ੍ਹਾਂ ਕਿਹਾ ਕਿ ਦੋਵਾਂ ਕਾਂਗਰਸੀ ਆਗੂਆਂ ਨੂੰ ਮੁਆਫੀ ਮੰਗਣ ਦਾ ਮੌਕਾ ਦਿੱਤਾ ਸੀ, ਪਰ ਉਨ੍ਹਾਂ ਅਜਿਹਾ ਨਹੀਂ ਕੀਤਾ। ਭਾਜਪਾ ਲੀਡਰ ਨੇ ਨਵਜੋਤ ਸਿੰਘ ਸਿੱਧੂ ਤੇ ਮਨਪ੍ਰੀਤ ਬਾਦਲ ਨੂੰ ਉਨ੍ਹਾਂ 'ਤੇ ਲਾਏ ਇਲਜ਼ਾਮ ਸਾਬਤ ਕਰਨ ਲਈ ਕਿਹਾ ਹੈ। ਪਠਾਨਕੋਟ ਅਦਾਲਤ ਨੇ ਮਾਮਲੇ ਦੀ ਅਗਲੀ ਤਾਰੀਖ਼ 20 ਅਪ੍ਰੈਲ ਨੂੰ ਦਿੱਤੀ ਹੈ। ਇਸ ਦਿਨ ਸਲਾਰੀਆ ਆਪਣੇ ਪੱਖ ਵਿੱਚ ਸਬੂਤ ਪੇਸ਼ ਕਰਨਗੇ।
ਗੁਰਦਾਸਪੁਰ ਲੋਕ ਸਭਾ ਸੀਟ ਤੋਂ ਭਾਜਪਾ ਦੇ ਸੰਸਦ ਮੈਂਬਰ ਵਿਨੋਦ ਖੰਨਾ ਦਾ ਦੇਹਾਂਤ ਹੋ ਜਾਣ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ। ਇਸ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ 11 ਅਕਤੂਬਰ 2017 ਨੂੰ ਹੋਈ ਸੀ, ਜਿਸ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਜੇਤੂ ਰਹੇ ਸਨ। ਚੋਣਾਂ ਤੋਂ ਪਹਿਲਾਂ ਭਾਜਪਾ ਦੇ ਉਮੀਦਵਾਰ ਸਵਰਨ ਸਲਾਰੀਆ 'ਤੇ ਸਾਬਕਾ ਏਅਰਹੋਸਟੈੱਸ ਨਾਲ ਵਿਆਹ ਦਾ ਲਾਰਾ ਲਾ ਕੇ ਬਲਾਤਕਾਰ ਕਰਨ ਦੇ ਇਲਜ਼ਾਮ ਲੱਗੇ ਸਨ। ਇਸ ਕਾਰਨ ਉਨ੍ਹਾਂ ਦੀ ਕਾਫੀ ਨਿੰਦਾ ਹੋਈ ਸੀ ਤੇ ਵਿਰੋਧੀਆਂ ਨੇ ਵੀ ਉਨ੍ਹਾਂ ਨੂੰ ਖ਼ੂਬ ਭੰਡਿਆ ਸੀ।