ਦਰਦਨਾਕ ਹਾਦਸਾ! ਮੰਜੀ ਥੱਲੇ ਰੱਖਿਆ ਸੀ ਹੀਟਰ, ਦੋ ਮਜ਼ਦੂਰ ਜਿਊਂਦੇ ਸੜੇ
ਏਬੀਪੀ ਸਾਂਝਾ | 29 Dec 2018 11:09 AM (IST)
ਸਮਰਾਲਾ: ਪਿੰਡ ਬਘੋਰ ਵਿੱਚ ਦਰਦਨਾਕ ਹਾਦਸਾ ਵਾਪਰਿਆ। ਮੰਜੇ ਹੇਠਾਂ ਹੀਟਰ ਲਾ ਕੇ ਸੁੱਤੇ ਦੋ ਦੋਸਤ ਜਿਊਂਦੇ ਸੜ ਗਏ। ਹਾਦਸਾ ਕੱਲ੍ਹ ਸਵੇਰੇ 9 ਵਜੇ ਦੇ ਕਰੀਬ ਵਾਪਰਿਆ ਪਰ ਲੋਕਾਂ ਨੂੰ 3 ਘੰਟਿਆਂ ਬਾਅਦ ਇਸ ਘਟਨਾ ਬਾਰੇ ਪਤਾ ਚੱਲਿਆ। ਧੂੰਆਂ ਵੇਖ ਕੇ ਜਦ ਲੋਕ ਅੰਦਰ ਪਹੁੰਚੇ ਤਾਂ ਦੋਵਾਂ ਜਣਿਆਂ ਦੀਆਂ ਲਾਸ਼ਾਂ ਪੂਰੀ ਤਰ੍ਹਾਂ ਝੁਲਸ ਚੁੱਕੀਆਂ ਹਨ। ਮ੍ਰਿਤਕਾਂ ਦੀ ਪਛਾਣ ਲਖਵੀਰ ਸਿੰਘ (40) ਤੇ ਲਾਲ ਸਿੰਘ (55) ਵਾਸੀਆਨ ਪਿੰਡ ਬਘੌਰ ਵਜੋਂ ਹੋਈ ਹੈ। ਦੋਵੇਂ ਜਣੇ ਮਜ਼ਦੂਰੀ ਕਰਦੇ ਸੀ। ਇਨ੍ਹਾਂ ਦੀਆਂ ਪਤਨੀਆਂ ਵੱਖ ਰਹਿੰਦੀਆਂ ਸੀ ਤੇ ਇਹ ਦੋਵੇਂ ਇਸ ਕਮਰੇ ਵਿੱਚ ਇਕੱਠੇ ਰਹਿੰਦੇ ਸੀ। ਪੁਲਿਸ ਨੇ ਇਸ ਸਬੰਧੀ 174 ਦੀ ਕਾਰਵਾਈ ਕਰ ਕੇ ਲਾਸ਼ਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਭੇਜ ਦਿੱਤੀਆਂ ਹਨ। ਗਵਾਂਢੀਆਂ ਨੇ ਦੱਸਿਆ ਕਿ ਕੱਲ੍ਹ ਦੁਪਹਿਰੇ ਉਨ੍ਹਾਂ 12 ਵਜੇ ਧੂੰਆਂ ਨਿਕਲਦਾ ਵੇਖਿਆ ਤਾਂ ਉਨ੍ਹਾਂ ਨੇ ਲੋਕਾਂ ਨੂੰ ਇਕੱਠਾ ਕਰਕੇ ਕਮਰੇ ਦੇ ਬਾਹਰ ਆਵਾਜ਼ ਲਾਈ ਪਰ ਅੰਦਰੋਂ ਕੋਈ ਜਵਾਬ ਨਹੀਂ ਆਇਆ। ਲੋਕਾਂ ਨੇ ਦਰਵਾਜ਼ਾ ਤੋੜ ਕੇ ਵੇਖਿਆ ਤਾਂ ਦੋਵਾਂ ਦੀਆਂ ਲਾਸ਼ਾਂ ਵਿੱਚੋਂ ਧੂੰਆਂ ਨਿਕਲ ਰਿਹਾ ਸੀ।