ਜਲੰਧਰ: ਕਾਂਗਰਸ ਪਾਰਟੀ ਰਾਫਾਲ ਮੁੱਦੇ ਨੂੰ ਠੰਢੇ ਬਸਤੇ ਨਹੀਂ ਪਾਉਣਾ ਚਾਹੁੰਦੀ। ਇਸ ਲਈ ਪਾਰਟੀ ਵੱਲੋਂ ਲਗਾਤਾਰ ਇਸ ਮੁੱਦੇ ’ਤੇ ਪ੍ਰੈਸ ਕਾਨਫਰੰਸਾਂ ਕਰਵਾਈਆਂ ਜਾ ਰਹੀਆਂ ਹਨ। ਇਸੇ ਕੜੀ ਵਿੱਚ ਬੀਤੇ ਦਿਨ ਜਲੰਧਰ ਵਿੱਚ ਵੀ ਕਾਂਗਰਸ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੀ ਪ੍ਰਧਾਨਗੀ ਹਰਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਕੀਤੀ। ਇਸ ਮੌਕੇ ਹੁੱਡਾ ਨੇ ਰਾਫਾਲ ਮੁੱਦੇ ਨੂੰ ਲੈ ਕਿ ਬੀਜੇਪੀ ਸਰਕਾਰ ਦੀ ਰੱਜ ਕੇ ਖਿਚਾਈ ਕੀਤੀ। ਹੁੱਡਾ ਨੇ ਕਿਹਾ ਕਿ ਰਾਫਾਲ ਡੀਲ ਦੇਸ਼ ਨਾਲ ਕੀਤਾ ਬਹੁਤ ਵੱਡਾ ਘਪਲਾ ਹੈ ਜਿਸ ਨੂੰ ਉਹ ਉਜਾਗਰ ਕਰ ਕੇ ਹੀ ਰਹਿਣਗੇ। 2019 ਚੋਣਾਂ ਦੌਰਾਨ ਕਾਂਗਰਸ ਇਸੇ ਮੁੱਦੇ ਉੱਤੇ ਵਿਸ਼ੇਸ਼ ਤੌਰ ’ਤੇ ਲੜੇਗੀ।


ਪੰਜਾਬ ਵਿੱਚ ਜਲੰਧਰ ਨੂੰ ਪ੍ਰੈਸ ਕਾਨਫਰੰਸ ਲਈ ਚੁਣੇ ਜਾਣ ਦਾ ਮਕਸਦ ਸ਼ਾਇਦ 3 ਜਨਵਰੀ ਨੂੰ ਜਲੰਧਰ ਵਿੱਚ ਪੀਐਮ ਮੋਦੀ ਦਾ ਦੌਰਾ ਵੀ ਕਿਹਾ ਜਾ ਸਕਦਾ ਹੈ। ਇਸ ਦੌਰਾਨ ਹੁੱਡਾ ਨੇ ਕਿਹਾ ਕਿ 2019 ਲੋਕ ਸਭਾ ਚੋਣਾਂ ਵਿੱਚ ਰਾਫਾਲ ਸੌਦੇ ਦਾ ਮੁੱਦਾ ਅਹਿਮ ਹੋਏਗਾ। ਉਨ੍ਹਾਂ ਦਾਅਵਾ ਕੀਤਾ ਕਿ 2019 ਲੋਕ ਸਭਾ ਚੋਣਾਂ ਜਿੱਤਣ ਦੇ ਬਾਅਦ ਉਹ ਤੁਰੰਤ ਇਸ ਸੌਦੇ ਨੂੰ ਰੱਦ ਕਰਨਗੇ ਤੇ ਇਸ ਸੌਦੇ ਦੀ ਜੇਪੀਸੀ ਜਾਂਚ ਕਰਵਾਈ ਜਾਏਗੀ।

ਦਰਅਸਲ ਦੀਪੇਂਦਰ ਹੁੱਡਾ ਰਾਫਾਲ ਸੌਦੇ ’ਤੇ ਮੋਦੀ ਸਰਕਾਰ ਨੂੰ ਘੇਰਨ ਲਈ ਜਲੰਧਰ ਪੁੱਜੇ ਸਨ। ਉਨ੍ਹਾਂ ਕਿਹਾ ਕਿ ਬੀਜੇਪੀ ਦੇਸ਼ ਦੇ ਲੋਕਾਂ ਦੇ ਨਾਲ-ਨਾਲ ਮਾਣਯੋਗ ਸੁਪਰੀਮ ਕੋਰਟ ਨੂੰ ਵੀ ਝੂਠ ਬੋਲ ਰਹੀ ਹੈ। ਅਦਾਲਤ ਵਿੱਚ ਝੂਠੇ ਸਬੂਤ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਝੂਠ ਤੇ ਰਾਫਾਲ ਸੌਦੇ ਦਾ ਸੱਚ ਲੋਕਾਂ ਸਾਹਮਣੇ ਲਿਆਉਣ ਲਈ ਉਹ ਲਗਾਤਾਰ ਜੋਇੰਟ ਪਾਰਲਮੈਂਟਰੀ ਕਮੇਟੀ (ਜੇਪੀਸੀ) ਜਾਂਚ ਦੀ ਮੰਗ ਕਰ ਰਹੇ ਹਨ।