Sangrur By election Result 2022: ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਬਰਨਾਲਾ ਕਾਊਂਟਿੰਗ ਸੈਂਟਰ ਪੁੱਜੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਜੋ ਵੀ ਫਤਵਾ ਦਿੱਤਾ ਜਾਵੇ, ਉਹ ਪ੍ਰਵਾਨ ਹੈ ਪਰ ਇਨ੍ਹਾਂ ਚੋਣ ਨਤੀਜਿਆਂ ਤੋਂ ਸਾਫ਼ ਹੋ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ 3 ਮਹੀਨੇ ਪਹਿਲਾਂ ਵੱਡੀ ਲੀਡ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ, ਪਰ ਹੁਣ ਸ਼ੁਰੂਆਤੀ ਰੁਝਾਨਾਂ 'ਚ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਪਛੜ ਗਈ ਹੈ।
ਕਮਲਦੀਪ ਰਾਜੋਆਣਾ ਬੁਰੀ ਤਰ੍ਹਾਂ ਹਾਰੇ; ਸੁਖਬੀਰ ਬਾਦਲ ਤੇ ਰਾਜੋਆਣਾ ਆ ਕੇ ਜ਼ਮਾਨਤ ਜ਼ਬਤ ਹੋਣ ਤੋਂ ਬਚਾਉਣ: ਰਵਨੀਤ ਬਿੱਟੂ
ਸੰਗਰੂਰ ਜ਼ਿਮਨੀ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਿਮਰਨਜੀਤ ਮਾਨ ਜਿੱਤ ਚੁੱਕੇ ਹਨ ਪਰ ਹਾਲੇ ਆਫੀਸ਼ੀਅਲ ਜਾਣਕਾਰੀ ਆਉਣੀ ਬਾਕੀ ਹੈ। ਸਿਮਰਨਜੀਤ ਮਾਨ ਦੀ ਜਿੱਤ ਤੋਂ ਬਾਅਦ ਰਾਜਾ ਵੜਿੰਗ ਸਣੇ ਕਈ ਲੀਡਰਾਂ ਨੇ ਵਧਾਈ ਦਿੱਤੀ ਹੈ। ਇਸ ਦਰਮਿਆਨ ਰਵਨੀਤ ਬਿੱਟੂ ਨੇ ਅਕਾਲੀ ਦਲ 'ਤੇ ਨਿਸ਼ਾਨਾ ਸਾਧਿਆ ਹੈ ਤੇ ਕਿਹਾ ਕਿ ਡੁੱਬ ਰਹੇ ਅਕਾਲੀ ਦਲ ਦੇ ਨੁਮਾਇੰਦੇ ਕਮਲਦੀਪ ਰਾਜੋਆਣਾ ਆਪਣੀ ਜ਼ਮਾਨਤ ਜ਼ਬਤ ਕਰਾਉਣ ਲਈ ਤਿਆਰ ਹਨ। ਉਨ੍ਹਾਂ ਨੇ ਕਿਹਾ ਕਿ ਸਿਰਫ 5% ਵੋਟਾਂ ਪ੍ਰਾਪਤ ਕਰਕੇ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੁਖਬੀਰ ਬਾਦਲ, ਗੁਰਪਤਵੰਤ ਪੰਨੂ 2020 ਤੇ ਰਾਜੋਆਣਾ ਨੂੰ ਆ ਕੇ ਆਪਣੇ ਉਮੀਦਵਾਰ ਦੀ ਜ਼ਮਾਨਤ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਦੱਸ ਦਈਏ ਕਿ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਵੱਡਾ ਫੇਰਬਦਲ ਵੇਖਣ ਨੂੰ ਮਿਲਿਆ ਹੈ। ਕਈ ਸਾਲਾਂ ਤੋਂ ਸਿਆਸੀ ਹਾਸ਼ੀਏ 'ਤੇ ਚੱਲ ਰਹੇ ਸ਼੍ਰੋਮਣੀ ਅਕਾਲੀ ਦਲ (ਅ) ਵੱਡੀ ਬਾਜ਼ੀ ਮਾਰੀ ਹੈ। ਸ਼੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਤੋਂ 7000 ਤੋਂ ਵੱਧ ਵੋਟਾਂ ਨਾਲ ਜਿੱਤਦੇ ਨਜ਼ਰ ਆ ਰਹੇ ਹਨ। ਅਜੇ ਤੱਕ ਚੋਣ ਕਮਿਸ਼ਨ ਨੇ ਅਧਿਕਾਰਤ ਤੌਰ ਉੱਪਰ ਨਤੀਜੇ ਦਾ ਐਲਾਨ ਨਹੀਂ ਕੀਤਾ।
ਵੋਟਾਂ ਦੀ ਗਿਣਤੀ ਲੱਗਪਗ ਪੂਰੀ ਹੋ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ (ਅ) ਨੂੰ 250174 ਵੋਟ ਮਿਲੇ ਹਨ। ਦੂਜੇ ਨੰਬਰ ਉੱਪਰ ਆਮ ਆਦਮੀ ਪਾਰਟੀ ਹੈ। 'ਆਪ' ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੂੰ 243122 ਵੋਟ ਮਿਲੇ ਹਨ। ਖਾਸ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ ਲੱਗਾ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉਮੀਦਵਾਰ ਨੂੰ 43871 ਵੋਟ ਹੀ ਮਿਲੇ ਹਨ। ਇਸ ਤੋਂ ਇਲਾਵਾ ਬੀਜੇਪੀ ਨੂੰ 65885 ਤੇ ਕਾਂਗਰਸ ਨੂੰ 78844 ਵੋਟ ਮਿਲੇ ਹਨ।