Sangrur By election Result 2022: ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਵੱਡਾ ਫੇਰਬਦਲ ਵੇਖਣ ਨੂੰ ਮਿਲਿਆ ਹੈ। ਕਈ ਸਾਲਾਂ ਤੋਂ ਸਿਆਸੀ ਹਾਸ਼ੀਏ 'ਤੇ ਚੱਲ ਰਹੇ ਸ਼੍ਰੋਮਣੀ ਅਕਾਲੀ ਦਲ (ਅ) ਵੱਡੀ ਬਾਜ਼ੀ ਮਾਰੀ ਹੈ। ਸ਼੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਤੋਂ 7000 ਤੋਂ ਵੱਧ ਵੋਟਾਂ ਨਾਲ ਜਿੱਤਦੇ ਨਜ਼ਰ ਆ ਰਹੇ ਹਨ। ਅਜੇ ਤੱਕ ਚੋਣ ਕਮਿਸ਼ਨ ਨੇ ਅਧਿਕਾਰਤ ਤੌਰ ਉੱਪਰ ਨਤੀਜੇ ਦਾ ਐਲਾਨ ਨਹੀਂ ਕੀਤਾ।



ਵੋਟਾਂ ਦੀ ਗਿਣਤੀ ਲੱਗਪਗ ਪੂਰੀ ਹੋ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ (ਅ) ਨੂੰ 250174 ਵੋਟ ਮਿਲੇ ਹਨ। ਦੂਜੇ ਨੰਬਰ ਉੱਪਰ ਆਮ ਆਦਮੀ ਪਾਰਟੀ ਹੈ। 'ਆਪ' ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੂੰ 243122 ਵੋਟ ਮਿਲੇ ਹਨ। ਖਾਸ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ ਲੱਗਾ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉਮੀਦਵਾਰ ਨੂੰ 43871 ਵੋਟ ਹੀ ਮਿਲੇ ਹਨ। ਇਸ ਤੋਂ ਇਲਾਵਾ ਬੀਜੇਪੀ ਨੂੰ 65885 ਤੇ ਕਾਂਗਰਸ ਨੂੰ 78844 ਵੋਟ ਮਿਲੇ ਹਨ।


ਰਾਜਾ ਵੜਿੰਗ ਵੱਲੋਂ ਸਿਮਰਨਜੀਤ ਮਾਨ ਨੂੰ ਵਧਾਈ


ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਜਿੱਤ ਵੱਲ ਵਧ ਰਹੇ ਹਨ। ਉਨ੍ਹਾਂ ਨੇ ਸਵੇਰ ਤੋਂ ਹੀ ਲੀਡ ਬਣਾਈ ਹੋਈ ਹੈ। ਉਧਰ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿਮਰਨਜੀਤ ਮਾਨ ਨੂੰ ਵਧਾਈ ਦਿੱਤੀ ਹੈ। 


ਰਾਜਾ ਵੜਿੰਗ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਲੋਕਾਂ ਦਾ ਫਤਵਾ ਨਿਮਰਤਾ ਨਾਲ ਸਵੀਕਾਰ ਹੈ। ਸਿਮਰਨਜੀਤ ਸਿੰਘ ਮਾਨ ਜੀ ਨੂੰ ਜਿੱਤ ਲਈ ਮੇਰੀਆਂ ਬਹੁਤ ਬਹੁਤ ਮੁਬਾਰਕਾਂ। ਮੈਨੂੰ ਯਕੀਨ ਹੈ ਕਿ ਉਹ ਆਪਣੀ ਨਵੀਂ ਭੂਮਿਕਾ ਵਿੱਚ ਪੰਜਾਬ ਦੀ ਆਵਾਜ਼ ਬੁਲੰਦ ਕਰਦੇ ਰਹਿਣਗੇ। ਨਤੀਜਾ @AamAadmiParty ਦੇ ਅਸੰਵੇਦਨਸ਼ੀਲ ਤੇ ਅਯੋਗ ਸ਼ਾਸਨ ਪ੍ਰਤੀ ਜਨਤਾ ਦੀ ਨਾਰਾਜ਼ਗੀ ਨੂੰ ਦਰਸਾਉਂਦਾ ਹੈ।