ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪਹਿਲਾ ਬਜਟ ਸੈਸ਼ਨ 15 ਜੂਨ ਤੋਂ ਬਾਅਦ ਹੀ ਸ਼ੁਰੂ ਹੋਣ ਦੀ ਉਮੀਦ ਹੈ। ਪਹਿਲਾਂ ਬਜਟ ਸੈਸ਼ਨ 10 ਜੂਨ ਤੋਂ ਸ਼ੁਰੂ ਕਰਨ ਦੀ ਤਜਵੀਜ਼ ਸੀ ਪਰ ਹੁਣ ਸੰਗਰੂਰ ਜ਼ਿਮਨੀ ਚੋਣ ਕਰਕੇ ਬਜਟ ਸੈਸ਼ਨ ਨੂੰ ਹਫ਼ਤੇ ਲਈ ਅੱਗੇ ਪਾਇਆ ਜਾ ਸਕਦਾ ਹੈ। ਸੰਗਰੂਰ ਜ਼ਿਮਨੀ ਚੋਣ ਕਰਕੇ ਚੋਣ ਜ਼ਾਬਤਾ ਲੱਗ ਗਿਆ ਹੈ ਜਿਸ ਕਰਕੇ ਸਰਕਾਰ ਵੱਡੇ ਫੈਸਲੇ ਨਹੀਂ ਲੈ ਸਕਦੀ। ਉਂਝ ਇਸ ਬਾਰੇ ਫ਼ੈਸਲਾ ਕੈਬਨਿਟ ਮੀਟਿੰਗ ਵਿੱਚ ਲਿਆ ਜਾਵੇਗਾ। 



ਸੂਤਰਾਂ ਮੁਤਾਬਕ ਬਜਟ ਸੈਸ਼ਨ 15 ਜੂਨ ਮਗਰੋਂ ਸ਼ੁਰੂ ਹੋ ਸਕਦਾ ਹੈ ਤੇ ਬਜਟ ਜ਼ਿਮਨੀ ਚੋਣ ਤੋਂ ਬਾਅਦ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਪਹਿਲੀ ਜੁਲਾਈ ਤੋਂ ਪਹਿਲਾਂ ਬਜਟ ਪਾਸ ਹੋਣਾ ਲਾਜ਼ਮੀ ਹੈ ਪਰ ਸੰਗਰੂਰ ਜ਼ਿਮਨੀ ਚੋਣ ਆਉਣ ਕਰ ਕੇ ਕਈ ਦਿੱਕਤਾਂ ਖੜ੍ਹੀਆਂ ਹੋ ਗਈਆਂ ਹਨ। ਜ਼ਿਮਨੀ ਚੋਣ ਤੋਂ ਪਹਿਲਾਂ ਬਜਟ ਪੇਸ਼ ਕਰਨ ’ਤੇ ‘ਆਪ’ ਸਰਕਾਰ ਕੋਈ ਲੋਕ ਲੁਭਾਊ ਐਲਾਨ ਨਹੀਂ ਕਰ ਸਕੇਗੀ ਕਿਉਂਕਿ ਇਸ ਨਾਲ ਚੋਣ ਜ਼ਾਬਤੇ ਦੀ ਉਲੰਘਣਾ ਹੋਵੇਗੀ। 


ਇਸੇ ਕਰਕੇ ਸਰਕਾਰ ਬਜਟ ਸੈਸ਼ਨ ਹਫ਼ਤਾ ਕੁ ਲੇਟ ਕਰਨ ਦੇ ਰੌਂਅ ਵਿਚ ਹੈ। ਪਹਿਲੀ ਤਜਵੀਜ਼ ਅਨੁਸਾਰ ਬਜਟ ਸੈਸ਼ਨ 10 ਤੋਂ 21 ਜੂਨ ਤੱਕ ਚੱਲਣਾ ਸੀ। ਹੁਣ ਬਜਟ ਸੈਸ਼ਨ ਬਾਰੇ ਫ਼ੈਸਲਾ 30 ਮਈ ਨੂੰ ਹੋ ਰਹੀ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਲਏ ਜਾਣ ਦੀ ਸੰਭਾਵਨਾ ਹੈ। 


ਸੂਤਰਾਂ ਮੁਤਾਬਕ ਅਧਿਕਾਰੀਆਂ ਵੱਲੋਂ ਇਸ ਬਾਰੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪਹਿਲਾਂ ਹੀ ਆਖ ਚੁੱਕੇ ਹਨ ਕਿ ਜਨਤਾ ਬਜਟ ਲਈ ਉਨ੍ਹਾਂ ਲੋਕ ਮਸ਼ਵਰੇ ਦਾ ਕੰਮ ਮੁਕੰਮਲ ਕਰ ਲਿਆ ਹੈ ਤੇ ਲੋਕਾਂ ਨੇ ਬਜਟ ਸਬੰਧੀ ਮਸ਼ਵਰੇ ਦੇਣ ਲਈ ਵੱਡਾ ਹੁੰਗਾਰਾ ਭਰਿਆ ਹੈ