Sangrur By election Result 2022: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਸੰਗਰੂਰ ਲੋਕ ਸਭਾ ਸੀਟ ਤੋਂ ਜਿੱਤ ਗਏ ਹਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਪੰਚ ਗੁਰਮੇਲ ਸਿੰਘ ਘਰਾਚੋਂ ਨੂੰ ਕਰੀਬ 5822 ਵੋਟਾਂ ਨਾਲ ਹਰਾਇਆ ਹੈ। ਭਾਜਪਾ ਤੇ ਅਕਾਲੀ ਦਲ ਦੇ ਉਮੀਦਵਾਰਾਂ ਦੀ ਜ਼ਮਾਨਤ ਹੋ ਗਈ ਹੈ। 


ਸਿਮਰਨਜੀਤ ਮਾਨ ਦੀ ਜਿੱਤ ਨਾਲ ਸੰਗਰੂਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਿਲ੍ਹਾ ਢਹਿ ਗਿਆ ਹੈ। ਉਹ ਇੱਥੋਂ ਲਗਾਤਾਰ ਦੋ ਵਾਰ ਲੋਕ ਸਭਾ ਮੈਂਬਰ ਚੁਣੇ ਗਏ ਸਨ। ਹਾਲਾਂਕਿ ਇਸ ਵਾਰ ਉਹ ਇਹ ਸੀਟ ਨਹੀਂ ਬਚਾ ਸਕੇ। ਇਸ ਹਾਰ ਨਾਲ ਹੁਣ ਆਮ ਆਦਮੀ ਪਾਰਟੀ ਦਾ ਲੋਕ ਸਭਾ ਵਿੱਚ ਕੋਈ ਵੀ ਸੰਸਦ ਮੈਂਬਰ ਨਹੀਂ ਰਹਿ ਗਿਆ।



ਕਾਂਗਰਸ ਦੇ ਦਲਵੀਰ ਗੋਲਡੀ ਤੀਜੇ ਨੰਬਰ 'ਤੇ ਰਹੇ ਹਨ ਉਨ੍ਹਾਂ ਨੂੰ 79,526 ਵੋਟਾਂ ਮਿਲੀਆਂ। ਜਦਕਿ ਭਾਜਪਾ ਦੇ ਕੇਵਲ ਢਿੱਲੋਂ ਚੌਥੇ ਨੰਬਰ 'ਤੇ ਤੇ ਅਕਾਲੀ ਦਲ ਦੀ ਕਮਲਦੀਪ ਕੌਰ ਰਾਜੋਆਣਾ ਪੰਜਵੇਂ ਨੰਬਰ 'ਤੇ ਹਨ। ਭਾਜਪਾ ਤੇ ਅਕਾਲੀ ਦਲ ਦੇ ਉਮੀਦਵਾਰ ਦੀ ਜ਼ਮਾਨਤ ਨਹੀਂ ਬਚ ਸਕੀ। ਇੱਥੇ 23 ਜੂਨ ਨੂੰ ਵੋਟਾਂ ਪਈਆਂ ਸਨ। ਸੰਗਰੂਰ ਸੀਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਗੜ੍ਹ ਰਹੀ ਹੈ। ਉਸ ਨੇ ਇੱਥੋਂ ਲਗਾਤਾਰ 2 ਵਾਰ ਰਿਕਾਰਡ ਫਰਕ ਨਾਲ ਚੋਣ ਜਿੱਤੀ।


 


ਰਾਜਾ ਵੜਿੰਗ ਵੱਲੋਂ ਸਿਮਰਨਜੀਤ ਮਾਨ ਨੂੰ ਵਧਾਈ, ਚੋਣ ਨਤੀਜਾ 'ਆਪ' ਪ੍ਰਤੀ ਜਨਤਾ ਦੀ ਨਾਰਾਜ਼ਗੀ ਕਰਾਰ


ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਜਿੱਤ ਵੱਲ ਵਧ ਰਹੇ ਹਨ। ਉਨ੍ਹਾਂ ਨੇ ਸਵੇਰ ਤੋਂ ਹੀ ਲੀਡ ਬਣਾਈ ਹੋਈ ਹੈ। ਉਧਰ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿਮਰਨਜੀਤ ਮਾਨ ਨੂੰ ਵਧਾਈ ਦਿੱਤੀ ਹੈ। ਰਾਜਾ ਵੜਿੰਗ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਲੋਕਾਂ ਦਾ ਫਤਵਾ ਨਿਮਰਤਾ ਨਾਲ ਸਵੀਕਾਰ ਹੈ। ਸਿਮਰਨਜੀਤ ਸਿੰਘ ਮਾਨ ਜੀ ਨੂੰ ਜਿੱਤ ਲਈ ਮੇਰੀਆਂ ਬਹੁਤ ਬਹੁਤ ਮੁਬਾਰਕਾਂ। ਮੈਨੂੰ ਯਕੀਨ ਹੈ ਕਿ ਉਹ ਆਪਣੀ ਨਵੀਂ ਭੂਮਿਕਾ ਵਿੱਚ ਪੰਜਾਬ ਦੀ ਆਵਾਜ਼ ਬੁਲੰਦ ਕਰਦੇ ਰਹਿਣਗੇ। ਨਤੀਜਾ @AamAadmiParty ਦੇ ਅਸੰਵੇਦਨਸ਼ੀਲ ਤੇ ਅਯੋਗ ਸ਼ਾਸਨ ਪ੍ਰਤੀ ਜਨਤਾ ਦੀ ਨਾਰਾਜ਼ਗੀ ਨੂੰ ਦਰਸਾਉਂਦਾ ਹੈ।