ਸੰਗਰੂਰ: 150 ਫੁੱਟ ਡੂੰਘੇ ਬੋਰਵੈੱਲ ਵਿੱਚ ਫਸੇ ਹੋਏ ਦੋ ਸਾਲ ਦੇ ਫ਼ਤਹਿਵੀਰ ਸਿੰਘ ਨੂੰ ਬਚਾਉਣ ਲਈ ਫ਼ੌਜ ਦੀ ਮਦਦ ਨਾ ਲੈਣ 'ਤੇ ਪ੍ਰਸ਼ਾਸਨ ਉੱਪਰ ਹਰ ਪਾਸਿਓਂ ਸਵਾਲ ਉੱਠ ਰਹੇ ਸਨ ਪਰ ਹੁਣ ਸੰਗਰੂਰ ਦੇ ਡੀਸੀ ਘਨਸ਼ਿਆਮ ਥੋਰੀ ਨੇ ਸਾਫ ਕਰ ਦਿੱਤਾ ਹੈ ਕਿ ਫ਼ੌਜ ਤੇ ਐਨਡੀਆਰਐਫ ਦੇ ਕੰਮ ਕਰਨ ਵਿੱਚ ਕੋਈ ਫਰਕ ਨਹੀਂ, ਇਸ ਲਈ ਫ਼ੌਜ ਨੂੰ ਨਹੀਂ ਸੱਦਿਆ ਗਿਆ।

ਫ਼ਤਿਹਵੀਰ ਨੂੰ ਬੋਰਵੈੱਲ ਵਿੱਚੋਂ ਕੱਢਣ ਲਈ ਅਜੇ ਹੋਰ ਸਮਾਂ ਲੱਗੇਗਾ। ਸੰਗਰੂਰ ਦੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜਿਸ ਬੋਰ ਵਿੱਚ ਫ਼ਤਹਿਵੀਰ ਫਸਿਆ ਹੋਇਆ ਹੈ, ਉਸ ਦੇ ਬਰਾਬਰ ਪੁੱਟੇ ਗਏ ਬੋਰ ਵਿੱਚ ਉਸ ਤਕ ਪਹੁੰਚਣ ਲਈ ਕਿੰਨਾ ਸਮਾਂ ਹੋਰ ਲੱਗੇਗਾ, ਇਹ ਇੱਕ ਘੰਟੇ ਵਿੱਚ ਪਤਾ ਲੱਗ ਜਾਵੇਗਾ।

ਪਹਿਲਾਂ ਗ਼ਲਤ ਦਿਸ਼ਾ ਵਿੱਚ ਖੁਦਾਈ ਤੇ ਹੋਰ ਕਾਰਨਾਂ ਕਾਰਨ ਬਚਾਅ ਕਾਰਜਾਂ ਵਿੱਚ ਦੇਰੀ ਹੋਈ ਸੀ। ਡੀਸੀ ਮੁਤਾਬਕ ਹੁਣ ਸਹੀ ਦਿਸ਼ਾ ਦਾ ਪਤਾ ਲੱਗ ਚੁੱਕਾ ਹੈ। ਘਨਸ਼ਿਆਮ ਥੋਰੀ ਨੇ ਸਾਫ ਕੀਤਾ ਕਿ ਉਨ੍ਹਾਂ ਫ਼ੌਜ ਨਾਲ ਸੰਪਰਕ ਕੀਤਾ ਸੀ ਪਰ ਉਨ੍ਹਾਂ ਜਵਾਬ ਦਿੱਤਾ ਕਿ ਜਿਹੜੀ ਤਕਨੀਕ ਜਿਹੜੀ NDRF ਕੋਲ ਹੈ, ਉਸ ਦੀ ਵਰਤੋਂ ਨਾਲ ਫ਼ੌਜ ਨੇ ਆਪ੍ਰੇਸ਼ਨ ਕਰਨਾ ਸੀ।

ਪੰਜ ਦਿਨ ਲੰਮੇ ਆਪ੍ਰੇਸ਼ਨ ਮਗਰੋਂ ਪਹਿਲੀ ਵਾਰ ਦੇਰੀ 'ਤੇ ਬੋਲਦਿਆਂ ਡੀਸੀ ਨੇ ਕਿਹਾ ਕਿ ਸਾਡੇ ਕੋਲ ਹੱਥ ਨਾਲ ਬਚਾਅ ਕਾਰਜ ਅੱਗੇ ਤੋਰਨ ਤੋਂ ਬਗ਼ੈਰ ਹੋਰ ਕੋਈ ਵੀ ਚਾਰਾ ਨਹੀਂ ਸੀ। ਉਨ੍ਹਾਂ ਕਿਹਾ ਕਿ ਜ਼ਮੀਨ 'ਚ ਹੋਰ ਵੀ ਬੋਰ ਹਨ ਅਸੀਂ ਸਹੀ ਵਾਲਾ ਪਤਾ ਲਗਾ ਰਹੇ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਜਿਸ ਹਾਲਾਤ ਵਿੱਚ ਬੱਚਾ ਫਸਿਆ ਹੋਇਆ ਹੈ, ਉੱਥੇ ਕਿਸੇ ਕਿਸਮ ਦੀ ਮਸ਼ੀਨ ਕੰਮ ਨਹੀਂ ਕਰ ਸਕਦੀ। ਡੀਸੀ ਘਨਸ਼ਿਆਮ ਥੋਰੀ ਨੇ ਇਹ ਦੱਸਿਆ ਕਿ ਉਹ ਬਚਾਅ ਕਾਰਜਾਂ ਸਬੰਧੀ ਲਗਾਤਾਰ ਮੁੱਖ ਮੰਤਰੀ ਦਫ਼ਤਰ ਨਾਲ ਸੰਪਰਕ ਵਿੱਚ ਹਨ।