ਸ਼ੰਕਰ ਦਾਸ ਦੀ ਰਿਪੋਰਟ 


ਸੰਗਰੂਰ: ਬੀਤੀ 23 ਜੂਨ ਨੂੰ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਦੇਸ਼ ਭਗਤ ਕਾਲਜ ਬਰੜਵਾਲ, ਧੂਰੀ ਵਿਖੇ ਬਣਾਏ ਗਏ ਵੱਖ-ਵੱਖ ਕਾਉਂਟਿੰਗ ਹਾਲਾਂ `ਚ ਵੋਟਾਂ ਦੀ ਗਿਣਤੀ ਅੱਧਾ ਘੰਟਾ ਦੇਰੀ ਨਾਲ 8.30 ਵਜੇ ਸ਼ੁਰੂ ਹੋਈ ਹੈ।  ਸ਼ੁਰੂਆਤੀ ਰੁਝਾਨਾਂ 'ਚ ਸਿਮਰਜੀਤ ਸਿੰਘ ਮਾਨ ਅੱਗੇ ਚੱਲ ਰਹੇ ਹਨ। 

ਸੰਗਰੂਰ ਜ਼ਿਲ੍ਹੇ ਦੇ 5 ਵਿਧਾਨ ਸਭਾ ਹਲਕਿਆਂ ਦੇ ਨਾਲ-ਨਾਲ ਮਲੇਰਕੋਟਲਾ ਵਿਧਾਨ ਸਭਾ ਹਲਕੇ ਦੀਆਂ ਵੋਟਾਂ ਦੀ ਗਿਣਤੀ ਦੇਸ਼ ਭਗਤ ਕਾਲਜ ਬਰੜਵਾਲ, ਧੂਰੀ ਵਿਖੇ ਬਣਾਏ ਗਏ ਵੱਖ-ਵੱਖ ਕਾਉਂਟਿੰਗ ਹਾਲਾਂ `ਚ  ਕੀਤੀ ਜਾ ਰਹੀ ਹੈ। ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਤਿੰਨ ਵਿਧਾਨ ਸਭਾ ਹਲਕਿਆਂ ਬਰਨਾਲਾ, ਭਦੌੜ ਤੇ ਮਹਿਲ ਕਲਾਂ ਦੀਆਂ ਵੋਟਾਂ ਦੀ ਗਿਣਤੀ ਐਸਡੀ ਕਾਲਜ ਬਰਨਾਲਾ ਵਿਖੇ ਬਣਾਏ ਗਏ ਕਾਉਂਟਿੰਗ ਹਾਲਾਂ ਵਿਚ ਕੀਤੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਸੰਗਰੂਰ ਸੀਟ 'ਤੇ ਕੁੱਲ 15 ਲੱਖ 69 ਹਜ਼ਾਰ 240 ਵੋਟਰ ਹਨ। ਜਿਸ ਵਿੱਚ 8 ਲੱਖ 30 ਹਜ਼ਾਰ 56 ਪੁਰਸ਼ ਅਤੇ 7 ਲੱਖ 39 ਹਜ਼ਾਰ 140 ਮਹਿਲਾ ਵੋਟਰ ਹਨ ਪਰ 23 ਜੂਨ ਨੂੰ ਸੰਗਰੂਰ ਲੋਕ ਸਭਾ ਹਲਕੇ `ਚ ਕੁਲ 45.30% ਵੋਟਿੰਗ ਹੋਈ ਸੀ। ਇਹ ਉਪ ਚੋਣ ਆਮ ਆਦਮੀ ਪਾਰਟੀ ਲਈ ਬਹੁਤ ਅਹਿਮ ਹੈ। ਪੰਜਾਬ 'ਚ ਸਰਕਾਰ ਬਣਨ ਤੋਂ ਕਰੀਬ 100 ਦਿਨਾਂ ਬਾਅਦ 'ਆਪ' ਦੀ ਇਹ ਪਹਿਲੀ ਚੋਣ ਹੈ।

ਦੱਸ ਦੇਈਏ ਕਿ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 'ਚ ਮੁੱਖ ਮੁਕਾਬਲਾ 5 ਉਮੀਦਵਾਰਾਂ ਵਿਚਕਾਰ ਹੋਣ ਦੇ ਆਸਾਰ ਹਨ। ਆਮ ਆਦਮੀ ਪਾਰਟੀ ਵੱਲੋਂ ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਗੁਰਮੇਲ ਸਿੰਘ ਘਰਾਚੋਂ ਨੂੰ ਉਮੀਦਵਾਰ ਬਣਾਇਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ 7ਵੀਂ ਵਾਰ ਸੰਗਰੂਰ ਲੋਕ ਸਭ ਹਲਕੇ ਦੇ ਚੋਣ ਮੈਦਾਨ 'ਚ ਆਪਣੀ ਕਿਸਮਤ ਅਜ਼ਮਾ ਰਹੇ ਹਨ।
 
ਸ਼੍ਰੋਮਣੀ ਅਕਾਲੀ ਦਲ ਵੱਲੋਂ ਬੰਦੀ ਸਿੰਘਾਂ ਦੇ ਪਰਿਵਾਰਕ ਮੈਂਬਰ ਵਜੋਂ ਬੀਬੀ ਕਮਲਦੀਪ ਕੌਰ ਰਾਜੋਆਣਾ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ, ਜੋ ਕਿ ਫ਼ਾਂਸੀ ਦੀ ਸਜ਼ਾਯਾਫ਼ਤਾ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਹਨ। ਭਾਜਪਾ ਵੱਲੋਂ ਕੇਵਲ ਸਿੰਘ ਢਿੱਲੋਂ ਨੂੰ ਸੰਗਰੂਰ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਕਾਂਗਰਸ ਨੇ ਦਲਵੀਰ ਸਿੰਘ ਗੋਲਡੀ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ।