Sangrur Lok Sabha Bypoll: ਸੰਗਰੂਰ ਲੋਕ ਸਭਾ ਸੀਟ 'ਤੇ ਹੋਣ ਵਾਲੀ ਜ਼ਿਮਨੀ ਚੋਣ ਲਈ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਚੋਣ ਕਮਿਸ਼ਨ ਨੇ ਸੰਗਰੂਰ ਲੋਕ ਸਭਾ ਸੀਟ ਲਈ ਉਪ ਚੋਣ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਇਸ ਚੋਣ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।
ਚੋਣ ਕਮਿਸ਼ਨ ਨੇ ਐਲਾਨ ਕੀਤਾ ਸੀ ਕਿ ਛੇ ਸੂਬਿਆਂ ਦੀਆਂ ਤਿੰਨ ਲੋਕ ਸਭਾ ਅਤੇ ਸੱਤ ਵਿਧਾਨ ਸਭਾ ਸੀਟਾਂ ਲਈ 23 ਜੂਨ ਨੂੰ ਉਪ ਚੋਣਾਂ ਕਰਵਾਈਆਂ ਜਾਣਗੀਆਂ। ਸੰਗਰੂਰ ਲੋਕ ਸਭਾ ਸੀਟ ਵਿਧਾਨ ਸਭਾ ਚੋਣਾਂ ਵਿੱਚ ਭਗਵੰਤ ਮਾਨ ਦੇ ਧੂਰੀ ਹਲਕੇ ਤੋਂ ਜਿੱਤਣ ਤੋਂ ਬਾਅਦ ਖਾਲੀ ਹੋਈ ਸੀ। ਭਗਵੰਤ ਮਾਨ 2014 ਅਤੇ 2019 ਵਿੱਚ ਲਗਾਤਾਰ ਦੋ ਵਾਰ ਸੰਗਰੂਰ ਲੋਕ ਸਭਾ ਸੀਟ ਤੋਂ ਜਿੱਤੇ ਸੀ।
ਭਾਰਤੀ ਜਨਤਾ ਪਾਰਟੀ ਦੇ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੰਗਰੂਰ ਲੋਕ ਸਭਾ ਸੀਟ ਲਈ ਹੋਣ ਵਾਲੀ ਜ਼ਿਮਨੀ ਚੋਣ ਲੜਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਦੇ ਨਾਲ ਹੀ ਕਾਂਗਰਸੀ ਆਗੂਆਂ ਨੇ ਜ਼ਿਮਨੀ ਚੋਣ ਲਈ ਰਣਨੀਤੀ ਬਣਾਉਣ ਲਈ ਮੀਟਿੰਗ ਕੀਤੀ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਪਹਿਲਾਂ ਹੀ ਇਸ ਸੀਟ ਤੋਂ ਚੋਣ ਲੜਨ ਦਾ ਐਲਾਨ ਕਰ ਚੁੱਕੇ ਹਨ।
'ਆਪ' ਦਾ ਗੜ੍ਹ ਹੈ ਸੰਗਰੂਰ
ਸੰਗਰੂਰ ਨੂੰ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦਾ ਗੜ੍ਹ ਮੰਨਿਆ ਜਾਂਦਾ ਹੈ। ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੰਗਰੂਰ ਦੇ ਸਾਰੇ 9 ਵਿਧਾਨ ਸਭਾ ਹਲਕਿਆਂ - ਲਹਿਰਾ, ਦਿੜਬਾ, ਬਰਨਾਲਾ, ਸੁਨਾਮ, ਭਦੌੜ, ਮਹਿਲ ਕਲਾਂ, ਮਲੇਰਕੋਟਲਾ, ਧੂਰੀ ਅਤੇ ਸੰਗਰੂਰ ਵਿੱਚ ਜਿੱਤ ਪ੍ਰਾਪਤ ਕੀਤੀ ਸੀ। ਇਸ ਚੋਣ ਨਾਲ ਆਮ ਆਦਮੀ ਪਾਰਟੀ ਦੇ ਕੰਮਕਾਜ 'ਤੇ ਵੀ ਦੋ ਮਹੀਨਿਆਂ ਲਈ ਮੋਹਰ ਲੱਗ ਜਾਵੇਗੀ।
ਦੱਸ ਦੇਈਏ ਕਿ ਆਮ ਆਦਮੀ ਪਾਰਟੀ ਨੇ ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਅਜੇ ਤੱਕ ਟਿਕਟ ਦਾ ਐਲਾਨ ਨਹੀਂ ਕੀਤਾ। ਸੀਐਮ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਵੀ ਟਿਕਟ ਦੇ ਦਾਅਵੇਦਾਰਾਂ ਵਿੱਚ ਬਣੀ ਹੋਈ ਹੈ। ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਇੱਕ ਹਿੱਸੇ ਨੇ ਵੀ ਮਨਪ੍ਰੀਤ ਕੌਰ ਲਈ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ: Coronavirus in India: ਪਿਛਲੇ 24 ਘੰਟਿਆਂ 'ਚ 2685 ਨਵੇਂ ਮਾਮਲੇ ਦਰਜ, ਐਕਟਿਵ ਮਰੀਜ਼ਾਂ ਦੀ ਗਿਣਤੀ 16,300 ਤੋਂ ਪਾਰ