ਸੰਗਰੂਰ: ਲੋਕ ਸਭਾ ਹਲਕਾ ਸੰਗਰੂਰ ਵਿੱਚ ਹਾਲਾਤ ਹਾਸੋਹੀਣੇ ਬਣ ਗਏ ਹਨ। ਇੱਥੋਂ ਤੋਂ ਮੌਜੂਦਾ ਸੰਸਦ ਮੈਂਬਰ ਤੇ ਹਾਸਰਸ ਕਲਾਕਾਰ ਰਹਿ ਚੁੱਕੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੂੰ ਟੱਕਰਨ ਲਈ ਕਾਂਗਰਸ ਨੇ ਵੀ ਕਾਮੇਡੀਅਨ ਉਤਾਰ ਦਿੱਤਾ ਹੈ। ਕਾਮੇਡੀਅਨ ਗੁਰਪ੍ਰੀਤ ਘੁੱਗੀ, ਜੋ ਭਗਵੰਤ ਮਾਨ ਦੀ ਪਾਰਟੀ ਵਿੱਚੋਂ ਹੀ ਗਏ ਤੇ ਉਨ੍ਹਾਂ ਦਾ ਅਹੁਦਾ ਸੰਭਾਲ ਚੁੱਕੇ ਹਨ। ਹੁਣ ਦੋਵੇਂ ਜਣੇ ਆਪੋ ਆਪਣੇ ਹਲਕੇ ਵਿੱਚ ਲੋਕਾਂ ਦਾ ਮਨੋਰੰਜਨ ਵੀ ਕਰਦੇ ਹਨ ਪਰ ਨਾਲੋ-ਨਾਲ ਇੱਕ ਦੂਜੇ 'ਤੇ ਤਿੱਖੇ ਨਿਸ਼ਾਨੇ ਵੀ ਲਾ ਰਹੇ ਹਨ।
ਸਾਬਕਾ ਸਿਆਸਤਦਾਨ ਗੁਰਪ੍ਰੀਤ ਘੁੱਗੀ ਕਾਂਗਰਸ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਲਈ ਚੋਣ ਪ੍ਰਚਾਰ ਕਰ ਰਹੇ ਹਨ। ਘੁੱਗੀ ਦੇ ਨਿਸ਼ਾਨੇ 'ਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਕਨਵੀਨਰ ਭਗਵੰਤ ਮਾਨ ਹਨ। ਘੁੱਗੀ ਨੇ ਕਿਹਾ ਕਿ ਜਦੋਂ ਸਾਡਾ ਕਲਾਕਾਰ ਸਾਥੀ (ਭਗਵੰਤ ਮਾਨ) ਜਿੱਤਿਆ ਸੀ ਤਾਂ ਸਾਰੇ ਸਾਥੀ ਕਲਾਕਾਰਾਂ ਨੇ ਖੁਸ਼ੀ ਮਨਾਈ ਸੀ, ਪਰ ਹੁਣ ਸਾਥੀ ਵੀ ਮੋਦੀ ਦੇ ਰਸਤੇ ਹੀ ਤੁਰ ਪਿਆ ਹੈ ਤੇ ਕਾਮੇਡੀ ਦੇ ਅੰਨ੍ਹੇ ਭਗਤ ਬਣਾਉਣ ਲੱਗਾ ਹੈ।
ਘੁੱਗੀ ਨੇ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨਾਲ ਗੱਦਾਰੀ ਕੀਤੀ ਤੇ ਹੁਣ ਭਗਵੰਤ ਮਾਨ ਸਾਡਾ ਸਾਥੀ ਹੈ ਪਰ ਉਸ ਦੀਆਂ ਜੁਰਾਬਾਂ ਵਿੱਚ ਹੀ ਵੜਿਆ ਰਹਿੰਦਾ ਹੈ। ਉਨ੍ਹਾਂ ਕੇਜਰੀਵਾਲ ਦੇ ਰੋਡ ਸ਼ੋਅ ਬਾਰੇ ਇਹ ਵੀ ਕਿਹਾ ਕਿ ਚੋਣਾਂ ਨੇੜੇ ਆਉਂਦਿਆਂ ਹੀ ਇਨ੍ਹਾਂ ਨੂੰ ਦੌਰੇ ਪੈਣ ਲੱਗਦੇ ਹਨ ਵੈਸੇ ਪੰਜਾਬ ਦੀ ਯਾਦ ਨਹੀਂ ਆਉਂਦੀ।
ਉੱਧਰ, ਭਗਵੰਤ ਮਾਨ ਆਪਣੇ ਅੰਦਾਜ਼ ਵਿੱਚ ਗੁਰਪ੍ਰੀਤ ਘੁੱਗੀ ਦਾ ਜਵਾਬ ਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਖ਼ਿਲਾਫ਼ ਪ੍ਰਚਾਰ ਕਰਨ ਲਈ ਕੋਈ ਆ ਜਾਵੇ ਭਾਵੇਂ ਘੁੱਗੀ ਭਾਵੇਂ ਗਟਾਰ, ਪਰ ਉਨ੍ਹਾਂ ਕੋਲ ਬਾਜ਼ ਹਨ। ਮਾਨ ਨੇ ਕਿਹਾ ਕਿ ਇਹ ਉਹੀ ਗੁਰਪ੍ਰੀਤ ਘੁੱਗੀ ਹਨ ਜੋ ਉਨ੍ਹਾਂ ਲਈ ਜਲਾਲਾਬਾਦ ਚੋਣ ਪ੍ਰਚਾਰ ਕਰਨ ਜਾਂਦੇ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਘੁੱਗੀ ਨੇ ਜਾਂਦੇ ਸਮੇਂ ਇਹ ਕਿਹਾ ਸੀ ਕਿ ਮੈਂ ਸ਼ਰਾਬ ਪੀਣ ਵਾਲੇ ਪ੍ਰਧਾਨ ਹੇਠ ਕੰਮ ਨਹੀਂ ਕਰ ਸਕਦਾ, ਪਰ ਹੁਣ ਉਹ ਦੱਸਣ ਕਿ ਕੀ ਕੈਪਟਨ ਅਮਰਿੰਦਰ ਸਿੰਘ ਤੇ ਕੇਵਲ ਸਿੰਘ ਢਿੱਲੋਂ ਮੈਂਗੋ ਸ਼ੇਕ ਪੀਂਦੇ ਹਨ।
ਮਾਨ ਨੇ ਇਹ ਵੀ ਕਿਹਾ ਕਿ ਘੁੱਗੀ ਜੀ ਇੰਨੀ ਜ਼ਮੀਰ ਨਾ ਵੇਚੋ, ਰੀਲ ਹੀਰੋ ਤੇ ਰੀਅਲ ਹੀਰੋ ਵਿੱਚ ਕਾਫੀ ਫਰਕ ਹੁੰਦਾ ਹੈ। ਭਗਵੰਤ ਮਾਨ ਆਪਣੇ ਸੰਸਦੀ ਹਲਕੇ ਵਿੱਚ ਲਗਾਤਾਰ ਰੋਡ ਸ਼ੋਅ ਕਰ ਰਹੇ ਹਨ ਅਤੇ ਪੰਜਾਬੀ ਗਾਣੇ 'ਦੱਬਦਾ ਕਿੱਥੇ ਐ..' ਦੀ ਤਰਜ਼ 'ਤੇ ਲੋਕਾਂ ਦਾ ਨੱਚ-ਨੱਚ ਮਨੋਰੰਜਨ ਵੀ ਕਰ ਰਹੇ ਹਨ।
ਭਗਵੰਤ ਮਾਨ ਦੇ ਟਾਕਰੇ ਲਈ ਕਾਂਗਰਸ ਨੇ ਲਵਾਈ ਘੁੱਗੀ ਦੀ ਉਡਾਰੀ, ਦੋਵੇਂ ਹੋਏ ਟਿੱਚਰੋ-ਟਿੱਚਰੀ, ਲੋਕਾਂ ਦਾ ਮਨੋਰੰਜਨ
ਏਬੀਪੀ ਸਾਂਝਾ
Updated at:
15 May 2019 05:22 PM (IST)
ਕਾਮੇਡੀਅਨ ਗੁਰਪ੍ਰੀਤ ਘੁੱਗੀ, ਜੋ ਭਗਵੰਤ ਮਾਨ ਦੀ ਪਾਰਟੀ ਵਿੱਚੋਂ ਹੀ ਗਏ ਤੇ ਉਨ੍ਹਾਂ ਦਾ ਅਹੁਦਾ ਸੰਭਾਲ ਚੁੱਕੇ ਹਨ। ਹੁਣ ਦੋਵੇਂ ਜਣੇ ਆਪੋ ਆਪਣੇ ਹਲਕੇ ਵਿੱਚ ਲੋਕਾਂ ਦਾ ਮਨੋਰੰਜਨ ਵੀ ਕਰਦੇ ਹਨ ਪਰ ਨਾਲੋ-ਨਾਲ ਇੱਕ ਦੂਜੇ 'ਤੇ ਤਿੱਖੇ ਨਿਸ਼ਾਨੇ ਵੀ ਲਾ ਰਹੇ ਹਨ।
- - - - - - - - - Advertisement - - - - - - - - -