ਇਮਰਾਨ ਖਾਨ


ਜਲੰਧਰ: ਚੋਣਾਂ ਦੌਰਾਨ ਕਾਂਗਰਸ ਨੇ ਗਰੀਬ ਲੋਕਾਂ ਨੂੰ ਸਸਤਾ ਖਾਣਾ ਦੇਣ ਦਾ ਵੀ ਵੱਡਾ ਵਾਅਦਾ ਕੀਤਾ ਸੀ। ਸਰਕਾਰ ਬਣਨ ਦੇ ਡੇਢ ਸਾਲ ਬਾਅਦ ਉਸ ਵਾਅਦੇ ਦੀ ਹਕੀਕਤ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਕਈ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ। ਸਰਕਾਰ ਨੇ ਟਰੱਸਟਾਂ ਨਾਲ ਮਿਲ ਕੇ ਰਸੋਈਆਂ ਤਾਂ ਖੁੱਲ੍ਹਵਾ ਲਈਆਂ ਪਰ ਇਨ੍ਹਾਂ ਦੀ ਸਾਰ ਨਹੀਂ ਲਈ। ਜ਼ਿਆਦਾਤਰ ਰਸੋਈਆਂ ਰਾਸ਼ਨ ਦੀ ਕਿੱਲਤ ਨਾਲ ਜੂਝ ਰਹੀਆਂ ਹਨ।

ਜਲੰਧਰ ਦੇ ਸਿਵਲ ਹਸਪਤਾਲ ਵਿੱਚ ਚੱਲਣ ਵਾਲੀ ਸਾਂਝੀ ਰਸੋਈ ਨੂੰ ਲੁਧਿਆਣਾ ਦਾ ਅਣ-ਜਲ ਸੇਵਾ ਟਰੱਸਟ ਚਲਾ ਰਿਹਾ ਹੈ। ਇੱਥੇ ਹਫਤੇ ਦੇ ਸੱਤੇ ਦਿਨ 10 ਰੁਪਏ ਵਿੱਚ ਦੋ ਰੋਟੀਆਂ, ਚਾਵਲ ਤੇ ਦਾਲ ਮਿਲਦੀ ਹੈ। ਸਿਵਲ ਹਸਪਤਾਲ ਵਿੱਚ ਹੋਣ ਕਾਰਨ ਇੱਥੇ ਮਰੀਜ਼ਾਂ ਤੋਂ ਇਲਾਵਾ ਉਹ ਲੋਕ ਵੀ ਰੋਟ ਖਾਣ ਆ ਜਾਂਦੇ ਹਨ ਜਿਹੜੇ ਮਰੀਜ਼ਾਂ ਨਾਲ ਹਸਪਤਾਲ ਆਏ ਹੁੰਦੇ ਹਨ।

ਜਲੰਧਰ ਦੀ ਸਾਂਝੀ ਰਸੋਈ ਵਿੱਚ ਕਰੀਬ-ਕਰੀਬ 300 ਲੋਕ ਰੋਜ਼ਾਨਾ ਦੁਪਹਿਰ ਦਾ ਖਾਣਾ ਖਾਂਦੇ ਹਨ। ਦੁਪਹਿਰ ਇੱਕ ਵਜੇ ਤੋਂ ਲੈ ਕੇ ਤਿੰਨ ਵਜੇ ਤੱਕ ਇੱਥੇ ਰੋਟੀ ਮਿਲਦੀ ਹੈ। ਸਿਰਫ ਚਾਰ ਵਰਕਰਾਂ ਕੋਲ 300 ਲੋਕਾਂ ਦੀ ਰੋਟੀ ਦਾ ਜਿੰਮਾ ਹੈ। ਇੱਕ ਰੋਟੀ ਬਨਾਉਂਦਾ ਹੈ, ਦੂਜਾ ਸਬਜ਼ੀ। ਇੱਕ ਔਰਤ ਇੱਥੋਂ ਦੀ ਸਾਫ-ਸਫਾਈ ਦਾ ਕੰਮ ਵੇਖਦੀ ਹੈ ਤੇ ਦੂਜੀ ਟੋਕਣ ਕੱਟ ਕੇ ਦਿੰਦੀ ਹੈ।

ਇਸ ਰਸੋਈ ਦੀ ਸਭ ਤੋਂ ਵੱਡੀ ਪ੍ਰੇਸ਼ਾਨੀ ਰਾਸ਼ਨ ਦੀ ਹੈ। ਇੱਥੇ ਰੋਜ਼ਾਨਾ ਤਿੰਨ ਸੌ ਲੋਕਾਂ ਵਾਸਤੇ ਰਾਸ਼ਨ ਇਕੱਠਾ ਕਰਨਾ ਔਖਾ ਕੰਮ ਹੈ। ਇੱਥੇ ਕੰਮ ਕਰਨ ਵਾਲੇ ਸੰਜੀਵ ਕੁਮਾਰ ਵੀ ਇਨ੍ਹਾਂ ਦਿੱਕਤਾਂ ਤੋਂ ਪ੍ਰੇਸ਼ਾਨ ਹਨ। ਉਹ ਕਹਿੰਦੇ ਹਨ ਕਿ ਜੇਕਰ ਸਰਕਾਰ ਇਸ ਨੂੰ ਆਪਣੀ ਪਹਿਲ ਦੱਸਦੀ ਹੈ ਤਾਂ ਮਦਦ ਵੀ ਕਰੇ। ਘੱਟੋ-ਘੱਟ ਰਾਸ਼ਨ ਦੇ ਦਿਆ ਕਰੇ ਬਣਾ ਕੇ ਖਵਾਉਣ ਵਾਸਤੇ ਤਿਆਰ ਬੈਠੇ ਹਾਂ।

ਟਰੱਸਟ ਇਸ ਸਾਂਝੀ ਰਸੋਈ ਨੂੰ ਚੱਲਦੇ ਰੱਖਣ ਵਾਸਤੇ ਦਾਨੀ ਸੱਜਣਾਂ ਤੋਂ ਮਦਦ ਦੀ ਅਪੀਲ ਕਰਦਾ ਰਹਿੰਦਾ ਹੈ। ਇਹ ਟਰੱਸਟ ਪੰਜਾਬ ਵਿੱਚ 6 ਸਾਂਝੀਆਂ ਰੋਸਈਆਂ ਚਲਾਉਂਦਾ ਹੈ। ਲੋਕਾਂ ਨੂੰ ਟਰੱਸਟ ਦੀ ਇਹੋ ਅਪੀਲ ਹੈ ਕਿ ਉਹ ਆਪਣੇ ਬੱਚਿਆਂ ਦੇ ਜਨਮ ਦਿਨ ਇੱਥੇ ਆ ਕੇ ਮਨਾਉਣ ਤਾਂ ਜੋ ਟਰੱਸਟ ਦੀ ਮਦਦ ਹੁੰਦੀ ਰਹੇ ਤੇ ਪੰਜਾਬ ਦੇ ਗਰੀਬ ਲੋਕਾਂ ਨੂੰ ਸਸਤਾ ਖਾਣਾ ਮਿਲਦਾ ਰਹਿ ਸਕੇ।