ਜਲੰਧਰ: ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਨਸ਼ੇ ਨਾਲ ਲੀਡਰ ਨਹੀਂ ਆਮ ਬੰਦਾ ਮਰ ਰਿਹਾ ਹੈ ਇਸ ਲਈ ਲੀਡਰ ਆਪਣੇ ਡੋਪ ਟੈਸਟ ਦੀ ਥਾਂ ਨਸ਼ਾ ਰੋਕਣ ਵੱਲ ਧਿਆਨ ਦੇਣ। ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਆਪੋ-ਆਪਣਾ ਡੋਪ ਟੈਸਟ ਕਰਵਾ ਕੇ ਆਪਣੇ ਆਪ ਨੂੰ ਸੱਚਾ-ਸੁੱਚਾ ਸਾਬਿਤ ਕਰਨ ਦੇ ਯਤਨਾਂ ਤੋਂ ਬਾਅਦ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਹ ਗੱਲ ਆਖੀ ਹੈ।
ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ 'ਚ ਅੱਜ ਸੁਲਤਾਨਪੁਰ ਲੋਧੀ ਵਿਖੇ ਨਸ਼ਿਆਂ ਖਿਲਾਫ ਮਾਰਚ ਕੱਢਿਆ ਗਿਆ। ਇਸ ਦੌਰਾਨ ਕਾਂਗਰਸ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਵੀ ਮੌਜੂਦ ਸਨ। ਇਕ ਪਾਸੇ ਸੀਚੇਵਾਲ ਨੇ ਕਿਹਾ ਕਿ ਲੀਡਰ ਆਪਣਾ ਡੋਪ ਟੈਸਟ 'ਤੇ ਲਾਉਣ ਵਾਲਾ ਸਮਾਂ ਨਸ਼ੇ ਨੂੰ ਰੋਕਣ ਲਈ ਲਾਉਣ ਤਾਂ ਜ਼ਿਆਦਾ ਬਿਹਤਰ ਹੋਵੇਗਾ। ਉਨ੍ਹਾਂ ਕਿਹਾ ਕਿ ਨਸ਼ੇ ਨਾਲ ਅੱਜ ਤੱਕ ਕੋਈ ਲੀਡਰ ਨਹੀਂ ਮਰਿਆ ਇੱਥੇ ਮੁੱਦਾ ਪੰਜਾਬ ਦੇ ਨੌਜਵਾਨਾਂ ਦਾ ਹੈ। ਦੂਜੇ ਪਾਸੇ ਮਾਰਚ ਵਿਚ ਪਹੁੰਚੇ ਕਾਂਗਰਸ ਵਿਧਾਇਕ ਹਰਦੇਵ ਸਿੰਘ ਲਾਡੀ ਨੇ ਕਿਹਾ ਕਿ ਉਨ੍ਹਾਂ ਨੂੰ ਜਦੋਂ ਕਹੋ ਉਹ ਆਪਣਾ ਡੋਪ ਟੈਸਟ ਕਰਾਉਣ ਲਈ ਤਿਆਰ ਹਨ।
ਸੰਤ ਸੀਚੇਵਾਲ ਨੇ ਕਿਹਾ ਕਿ ਨਸ਼ਾ ਤਸਕਰ ਨੌਜਵਾਨਾਂ ਨੂੰ ਨਸ਼ੇੜੀ ਬਣਾਉਣ ਲਈ ਹਰ ਤਰੀਕਾ ਵਰਤਦੇ ਹਨ ਤੇ ਸਰਕਾਰ ਵੀ ਇਨ੍ਹਾਂ ਨਸ਼ਾ ਤਸਕਰਾਂ 'ਤੇ ਕਾਬੂ ਪਾਉਣ 'ਚ ਅਸਮਰੱਥ ਰਹੀ ਹੈ।
ਉਨ੍ਹਾਂ ਦੱਸਿਆ ਕਿ ਸੁਲਤਾਨਪੁਰ ਦੇ ਦੋ ਪਿੰਡਾਂ ਵਿੱਚ ਨਸ਼ਾ ਬਹੁਤ ਜ਼ਿਆਦਾ ਹੈ ਤੇ ਇਸ ਬਾਰੇ ਮੈਂ ਮੁੱਖ ਮੰਤਰੀ ਨੂੰ ਵੀ ਇਸ ਬਾਰੇ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇੱਥੋਂ ਨਸ਼ਾ ਸ਼ਾਹਕੋਟ ਵਿੱਚ ਸਪਲਾਈ ਹੁੰਦਾ ਹੈ।
ਦੂਜੇ ਪਾਸੇ ਹਰਦੇਵ ਲਾਡੀ ਨੇ ਕਿਹਾ ਕਿ ਅਜੇ ਪੂਰੀ ਤਰ੍ਹਾਂ ਨਸ਼ੇ ਦਾ ਖਾਤਮਾ ਨਹੀਂ ਹੋਇਆ ਅਸੀਂ ਨਸ਼ੇ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਲਾਡੀ ਨੇ ਕਿਹਾ ਕਿ ਨਸ਼ੇ ਦੀ ਰੋਕਥਾਮ ਲਈ ਅਸੀਂ ਪਿੰਡ ਪੱਧਰ 'ਤੇ ਸਾਂਝਾ ਮੋਰਚਾ ਬਣਾ ਕੇ ਕੰਮ ਕਰਾਂਗੇ।