Barnala News : ਬਰਨਾਲਾ ਜ਼ਿਲ੍ਹੇ ਦੇ ਸਾਬਕਾ ਸੰਸਦੀ ਸਕੱਤਰ ਤੇ ਸ਼੍ਰੋਮਣੀ ਕਮੇਟੀ ਮੈਂਬਰ ਬਲਵੀਰ ਸਿੰਘ ਘੁੰਨਸ ਨੇ ਵੀ ਬਾਦਲ ਪਰਿਵਾਰ ਖ਼ਿਲਾਫ਼ ਬਗਾਵਤ ਸ਼ੁਰੂ ਕਰ ਦਿੱਤੀ ਹੈ। SGPC ਦੇ ਪ੍ਰਧਾਨ ਦੀ ਭਲਕੇ ਹੋਣ ਵਾਲੀ ਚੋਣ 'ਚ ਸੁਖਬੀਰ ਸਿੰਘ ਬਾਦਲ ਵੱਲੋਂ ਐਲਾਨੇ ਪ੍ਰਧਾਨ ਉਮੀਦਵਾਰ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ। ਬਲਵੀਰ ਸਿੰਘ ਘੁੰਨਸ ਨੇ ਬੀਬੀ ਜਗੀਰ ਕੌਰ ਵੱਲੋਂ ਕੀਤੀ ਪਾਰਟੀ ਖਿਲਾਫ਼ ਬਗਾਵਤ ਦੀ ਵੀ ਤਾਰੀਫ ਕੀਤੀ ਹੈ।





ਸੰਤ ਬਲਵੀਰ ਸਿੰਘ ਘੁੰਨਸ ਨੇ ਅਕਾਲ ਦਲ ਦੇ ਸ਼੍ਰੋਮਣੀ ਕਮੇਟੀ ਮੈਂਬਰ ਬਲਦੇਵ ਸਿੰਘ ਚੂੰਘਾਂ ਨਾਲ ਬਰਨਾਲਾ ਵਿਖੇ ਆਪਣੀ ਰਿਹਾਇਸ਼ 'ਤੇ ਪ੍ਰੈਸ ਕਾਨਫਰੰਸ ਕੀਤੀ ਹੈ। ਸੰਤ ਬਲਵੀਰ ਸਿੰਘ ਘੁੰਨਸ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਨੂੰ ਲੈ ਕੇ ਚਿੰਤਤ ਸਨ ਅਤੇ ਆਪਣਾ ਮਨ ਹਲਕਾ ਕਰਨ ਲਈ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਮੁਆਫ਼ੀ ਮੰਗਣਗੇ। 

 

 ਇਹ ਵੀ ਪੜ੍ਹੋ : Notebandi : ਅੱਜ ਨੋਟਬੰਦੀ ਦੇ 6 ਸਾਲ ਪੂਰੇ ! ਬੈਂਕਾਂ ਦੇ ਬਾਹਰ ਲੱਗੀਆਂ ਸੀ ਲੰਬੀਆਂ ਲਾਇਨਾਂ , ਅੱਜ ਲੋਕ ਕਰਨ ਲੱਗੇ ਡਿਜੀਟਲ ਪੇਮੈਂਟ

ਉਨ੍ਹਾਂ ਅਕਾਲੀ ਦਲ ਦੇ ਪ੍ਰਧਾਨ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ 'ਤੇ ਨਜ਼ਰਅੰਦਾਜ਼ ਕਰਨ ਦੇ ਦੋਸ਼ ਲਗਾਏ ਹਨ। ਸੰਤ ਬਲਬੀਰ ਸਿੰਘ ਨੇ ਪੂਰੀ ਪ੍ਰੈਸ ਕਾਨਫਰੰਸ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਨਾਂ ਲੈ ਕੇ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦੀ ਅਜਿਹੀ ਸਥਿਤੀ ਲਈ ਅਕਾਲੀ ਦਲ ਪ੍ਰਧਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸੰਤ ਘੁੰਨਸ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇਕਬਾਲ ਸਿੰਘ ਝੂੰਦਾਂ ਦੀ ਕਮੇਟੀ ਬਣਾਈ ਗਈ ਸੀ। ਇਸ ਕਮੇਟੀ ਦੀ ਸਿਫ਼ਾਰਸ਼ ਦੇ ਬਾਵਜੂਦ ਉਨ੍ਹਾਂ ਨੇ ਅਕਾਲੀ ਦਲ ਦੀ ਪ੍ਰਧਾਨਗੀ ਨਹੀਂ ਛੱਡੀ।

ਸੰਤ ਘੁੰਨਸ ਨੇ ਕਿਹਾ ਕਿ ਉਹ ਅਕਾਲੀ ਦਲ ਵਿੱਚ ਪੈਦਾ ਹੋਏ ਅਤੇ ਅਕਾਲੀ ਦਲ ਲਈ ਜੇਲ੍ਹ ਗਏ ਅਤੇ ਅੱਜ ਵੀ ਉਹ ਅਕਾਲੀ ਦਲ ਵਿੱਚ ਮਜ਼ਬੂਤੀ ਨਾਲ ਖੜ੍ਹੇ ਹਨ। ਇਸ ਬਗਾਵਤ ’ਤੇ ਪਾਰਟੀ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਉਨ੍ਹਾਂ ਕਿਹਾ ਕਿ ਕਾਰਵਾਈ ਕਰਨ ਵਾਲਿਆਂ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਬਲਦੇਵ ਸਿੰਘ ਚੂੰਘਾਂ ਨੇ ਕੱਲ੍ਹ ਹੋਈ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਵਿੱਚ ਸੰਤ ਬਲਵੀਰ ਸਿੰਘ ਘੁੰਨਸ ਅਤੇ ਬੀਬੀ ਜਗੀਰ ਕੌਰ ਨੂੰ ਸਮਰਥਨ ਦੇਣ ਦਾ ਸਪੱਸ਼ਟ ਐਲਾਨ ਕੀਤਾ।