Punjab News: ਬਟਾਲਾ ਨਜ਼ਦੀਕ ਪੈਂਦੇ ਇਤਿਹਾਸਿਕ ਕਸਬਾ ਧਿਆਨਪੁਰ ਵਿਖੇ ਉਸ ਸਮੇਂ ਮਾਤਮ ਛਾ ਗਿਆ ਜਦੋਂ ਆਪਣੇ ਪਤੀ ਅੰਮਿਤ ਕੁਮਾਰ ਨਾਲ ਮਾਤਾ ਦੇ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਗਈ ਨਵ ਵਿਆਹੁਤਾ ਸਪਨਾ ਦੀ ਵੈਸ਼ਨੋ ਦੇਵੀ ਵਿਖੇ ਪਹਾੜ ਖਿਸਕ ਜਾਣ ਕਾਰਨ ਵਾਪਰੇ ਹਾਦਸੇ ਵਿੱਚ ਮੌਤ ਹੋ ਜਾਣ ਦਾ ਦਰਦਨਾਕ ਸਮਾਚਾਰ ਪਿੰਡ ਧਿਆਨਪੁਰ ਵਿਖੇ ਪੁੱਜਾ।
ਇੱਕ ਮਹੀਨਾਂ ਪਹਿਲਾਂ ਹੀ ਹੋਇਆ ਸੀ ਵਿਆਹ
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਮ੍ਰਿਤਕ ਦੇ ਦਿਓਰ ਦੀਪੂ ਨੇ ਰੋਂਦਿਆਂ ਹੋਇਆਂ ਦੱਸਿਆ ਕਿ ਉਸ ਦੇ ਭਰਾ ਅਮਿਤ ਕੁਮਾਰ ਨੇ ਵਿਦੇਸ਼ ਤੋਂ ਆਉਣ ਤੋਂ ਬਾਅਦ 28 ਜੁਲਾਈ ਨੂੰ ਅੰਮ੍ਰਿਤਸਰ ਦੀ ਸਪਨਾ ਨਾਲ ਵਿਆਹ ਕਰਵਾਇਆ ਸੀ ਤੇ ਐਤਵਾਰ ਨੂੰ ਸਪਨਾ ਆਪਣੇ ਪਤੀ ਅਮਿਤ ਕੁਮਾਰ ਸਮੇਤ ਮਾਤਾ ਵੈਸ਼ਨੂੰ ਦੇਵੀ ਜੀ ਦੇ ਦਰਸ਼ਨ ਕਰਨ ਲਈ ਗਏ ਹੋਏ ਸਨ ਜਦ ਕਿ ਅੱਜ ਪਰਿਵਾਰਿਕ ਜੀਆਂ ਨੂੰ ਪਤਾ ਲੱਗਾ ਕਿ ਸਪਨਾ ਦਾ ਦਿਹਾਂਤ ਹੋ ਗਿਆ ਹੈ।
ਪਰਿਵਾਰ ਵਾਲਿਆਂ ਦੀ ਇਕਲੌਤੀ ਧੀ ਸੀ ਸਪਨਾ
ਪਰਿਵਾਰਕ ਜੀਆਂ ਨੇ ਦੱਸਿਆ ਕਿ ਸਪਨਾ ਆਪਣੇ ਮਾਤਾ ਪਿਤਾ ਦੀ ਇਕਲੋਤੀ ਔਲਾਦ ਸੀ। ਪਰਿਵਾਰਕ ਜੀਆਂ ਨੇ ਦੱਸਿਆ ਕਿ ਅਮਿਤ ਕੁਮਾਰ ਵਿਦੇਸ਼ ਤੋਂ ਪਰਤਣ ਉਪਰੰਤ ਸ਼ਾਦੀ ਕਰਕੇ ਇਸ ਵੇਲੇ ਕੋਟਲੀ ਸੂਰਤ ਮੱਲੀ ਵਿੱਚ ਜੂਸ ਬਾਰ ਦੀ ਦੁਕਾਨ ਕਰ ਰਿਹਾ ਹੈ ਤੇ ਇੱਕ ਮਹੀਨਾ ਪਹਿਲਾ ਹੋਏ ਵਿਆਹ ਦੇ ਅਜੇ ਚਾਅ ਵੀ ਪੂਰੇ ਨਹੀਂ ਹੋਏ ਸਨ ਕਿ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ।
ਕਾਨਪੁਰ ਦੀ ਰਹਿਣ ਵਾਲੀ ਇੱਕ ਔਰਤ ਦੀ ਮੌਤ
ਜ਼ਿਕਰ ਕਰ ਦਈਏ ਕਿ ਬੀਤੇ ਦਿਨ ਮਾਤਾ ਵੈਸ਼ਨੋ ਦੇਵੀ ਵਿੱਚ ਸ਼ਰਧਾਲੂਆਂ ਦੇ ਲਾਂਘੇ ਵਾਲੀ ਥਾਂ ਉੱਤੇ ਜ਼ਮੀਨ ਖਿਸਕਣ ਨਾਲ ਪੱਥਰ ਡਿੱਗ ਗਏ ਜਿਸ ਵਿੱਚ 2 ਮਹਿਲਾਵਾਂ ਦੀ ਮੌਤ ਹੋ ਗਈ। ਇਸ ਵਿੱਚ ਸਪਨਾ ਤੋਂ ਇਲਾਵਾ ਕਾਨਪੁਰ ਦੀ ਰਹਿਣ ਵਾਲੀ ਇੱਕ ਔਰਤ ਦੀ ਵੀ ਮੌਤ ਹੋ ਗਈ। ਜਦੋਂ ਪਰਿਵਾਰ ਵਾਲਿਆਂ ਨੂੰ ਇਸ ਦੀ ਸੂਚਨਾ ਮਿਲੀ ਤਾਂ ਪਰਿਵਾਰ 'ਚ ਹਫੜਾ-ਦਫੜੀ ਮਚ ਗਈ। ਇਸ ਹਾਦਸੇ 'ਚ ਮ੍ਰਿਤਕ ਦੇ ਗੁਆਂਢ 'ਚ ਰਹਿਣ ਵਾਲੀ ਪੰਜ ਸਾਲਾ ਬੱਚੀ ਜ਼ਖਮੀ ਹੋ ਗਈ। ਫਿਲਹਾਲ ਇਹ ਰਸਤਾ ਸ਼ਰਧਾਲੂਆਂ ਲਈ ਬੰਦ ਕਰ ਦਿੱਤਾ ਗਿਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
ਰਿਪੋਰਟਰ..... ਸਤਨਾਮ ਸਿੰਘ ਬਟਾਲਾ