ਅੰਮ੍ਰਿਤਸਰ: ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਬਰਗਾੜੀ ਕਾਂਡ ਦਾ ਇਨਸਾਫ਼ ਨਾ ਮਿਲਣ ਤੇ ਪੰਜਾਬ ਸਰਕਾਰ ਦੇ ਦੋ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਤਿੰਨ ਵਿਧਾਇਕਾਂ ਹਰਮਿੰਦਰ ਸਿੰਘ ਗਿੱਲ, ਕੁਲਦੀਪ ਸਿੰਘ ਢਿੱਲੋਂ, ਕੁਲਬੀਰ ਸਿੰਘ ਜ਼ੀਰਾ ਨੂੰ ਪੰਜ ਪਿਆਰਿਆਂ ਅੱਗੇ 2 ਅਗੱਸਤ 2021 ਨੂੰ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਦੇ ਆਦੇਸ਼ ਦਿਤੇ ਹਨ।


ਭਾਈ ਮੰਡ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਇਨਸਾਫ਼ ਵਾਸਤੇ ਸਮੁੱਚੀ ਸਿੱਖ ਕੌਮ ਵਲੋਂ ਬਰਗਾੜੀ ਵਿਖੇ ਮੋਰਚਾ ਲਾਇਆ ਸੀ। ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਮੰਤਰੀਆਂ ਅਤੇ ਹਰਮਿੰਦਰ ਸਿੰਘ ਗਿੱਲ, ਕੁਸ਼ਲਦੀਪ ਸਿੰਘ ਢਿੱਲੋ, ਕੁਲਬੀਰ ਸਿੰਘ ਜੀਰਾ (ਤਿੰਨੇ ਵਿਧਾਇਕਾਂ) ਨੇ ਬਰਗਾੜੀ ਕਾਂਡ ਵਿਖੇ ਆ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਭਰੋਸਾ ਦਿਤਾ ਸੀ ਕਿ ਉਨ੍ਹਾਂ ਦੀ ਮੰਗ ਪ੍ਰਵਾਨ ਹੈ। ਇਸ ਲਈ ਮੋਰਚਾ ਖ਼ਤਮ ਕੀਤਾ ਜਾਵੇ।


ਉਨ੍ਹਾਂ ਦੇ ਭਰੋਸੇ ਤੇ ਬਰਗਾੜੀ ਮੋਰਚਾ ਮੁਲਤਵੀ ਕੀਤਾ ਗਿਆ ਪਰ 9 ਦਸੰਬਰ 2018 ਤੋਂ ਅੱਜ ਤੱਕ ਵਾਅਦਾ ਪੂਰਾ ਨਹੀਂ ਕੀਤਾ ਗਿਆ। ਪੰਜਾਬ ਸਰਕਾਰ ਮੁਕਰ ਚੁੱਕੀ ਹੈ। ਅਜਿਹਾ ਕਰਕੇ ਸ਼੍ਰੀ ਗੁਰੂ ਗ੍ਰੰਥ ਅਤੇ ਗੁਰੂ ਪੰਥ ਨਾਲ ਧੋਖਾ ਕੀਤਾ ਗਿਆ ਹੈ। ਜਿਸ ਨਾਲ ਪੰਥਕ ਸਿਧਾਂਤਾ ਠੇਸ ਪੁੱਜੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਹੋਏ ਧੋਖੇ ਅਤੇ ਸੰਗਤਾਂ ਦੇ ਜਜ਼ਬਾਤ ਨਾਲ ਹੋਏ ਖਿਲਵਾੜ ਦੇ ਦੋਸ਼ ਅਧੀਨ 2-8-2021 ਨੂੰ ਸਵੇਰੇ 11 ਵਜੇ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪੰਜ ਪਿਆਰਿਆਂ ਸਾਹਮਣੇ ਸਖਸ਼ੀ ਤੌਰ 'ਤੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਦਾ ਆਦੇਸ਼ ਦਿੱਤਾ ਜਾਂਦਾ ਹੈ।


ਨਾਲ ਹੀ ਇਹ ਵੀ ਹਦਾਇਤ ਕੀਤੀ ਜਾਂਦੀ ਹੈ ਕਿ ਇਹ ਮੁੱਦਾ ਗੁਰੂ ਗ੍ਰੰਥ ਸਾਹਿਬ ਅਤੇ ਸਮੁੱਚੇ ਪੰਥ ਨਾਲ ਜੁੜਿਆ ਹੈ। ਇਸ ਲਈ ਕਿਸੇ ਵੀ ਕੁਤਾਹੀ ਤੋਂ ਬਚ ਕੇ ਗੁਰੂ ਪੰਥ ਦੀਆਂ ਅਸੀਸਾਂ ਦੇ ਪਾਤਰ ਬਣਨ ਦੀ ਕੋਸ਼ਿਸ਼ ਕੀਤੀ ਜਾਵੇ। ਇਸ ਮੌਕੇ ਭਾਈ ਜਰਨੈਲ ਸਿੰਘ ਸਖੀਰਾ, ਹਰਬੀਰ ਸਿੰਘ ਸੰਧੂ, ਭਾਈ ਗੁਰਜਿੰਦਰ ਸਿੰਘ, ਭਾਈ ਬੂਟਾ ਸਿੰਘ, ਗੁਰਭੇਜ ਸਿੰਘ, ਨਛੱਤਰ ਸਿੰਘ ਆਦਿ ਮੌਜੂਦ ਸੀ।


ਇਹ ਵੀ ਪੜ੍ਹੋ: PM Modi on Guru Purnima: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰੂ ਪੂਰਨਿਮਾ ਮੌਕੇ ਦੇਸ਼ਵਾਸੀਆਂ ਨੂੰ ਦਿੱਤੀ ਵਧਾਈ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904