ਚੰਡੀਗੜ੍ਹ: ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਬੇਅਦਬੀ ਕਰਨ ਦੇ ਘਿਨੌਣੇ ਯਤਨਾਂ ਨੁੰ ਬਹੁਤ ਹੀ ਹੈਰਾਨੀਜਨਕ, ਪੀੜਾ ਭਰਿਆ ਤੇ ਅਤਿਅੰਤ ਦੁਖਦਾਈ ਕਰਾਰ ਦਿੱਤਾ।
ਬਾਦਲ ਨੇ ਕਿਹਾ ਕਿ ਇਸ ਅਪਰਾਧ ਦੀ ਜਿੰਨੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਜਾਵੇ ਥੋੜ੍ਹੀ ਹੈ ਤੇ ਇਸਨੇ ਦੁਨੀਆਂ ਭਰ ਵਿਚ ਸਿੱਖਾਂ ਦੇ ਮਨਾਂ ਵਿਚ ਡੂੰਘਾ ਦੁੱਖ ਤੇ ਰੋਹ ਪੈਦਾ ਕੀਤਾ ਹੈ। ਬਾਦਲ ਨੇ ਕਿਹਾ ਕਿ ਇਹ ਵਿਸ਼ਵਾਸਯੋਗ ਗੱਲ ਨਹੀਂ ਹੈ ਕਿ ਅਜਿਹਾ ਪੀੜਾਦਾਇਕ ਤੇ ਘਿਨੋਦਾ ਅਪਰਾਧ ਮਨੁੱਖਤਾ ਦੇ ਸਭ ਤੋਂ ਪਵਿੱਤਰ ਅਸਥਾਨ ’ਤੇ ਇਕ ਵਿਅਕਤੀ ਵੱਲੋਂ ਕੀਤਾ ਗਿਆ ਹੋਵੇ।
ਉਹਨਾਂ ਨਾਲ ਹੀ ਕਿਹਾ ਕਿ ਇਸ ਪਿੱਛੇ ਡੂੰਘੀ ਸਾਜ਼ਿਸ਼ ਹੋਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ। ਉਹਨਾਂ ਕਿਹਾ ਕਿ ਸਾਰੀ ਸਾਜ਼ਿਸ਼ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਜੋ ਪਿੱਛੇ ਹਨ ਉਹਨਾਂ ਨੂੰ ਬੇਨਕਾਬ ਕਰ ਕੇ ਮਿਸਾਲੀ ਸਜ਼ਾ ਦੇਣੀ ਚਾਹੀਦੀ ਹੈ।
ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਦੀ ਕੋਸ਼ਿਸ਼ ਹੋਈ। ਸਿੱਖ ਧਰਮ ਦੇ ਮਹਾਨ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਖੇ ਹਫ਼ਤੇ 'ਚ ਦੂਸਰੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਅੱਜ ਸ਼ਾਮ ਛੇ ਵਜੇ ਸੱਚਖੰਡ ਸ਼੍ਰੀ ਹਰਮਿੰਦਰ ਸਾਹਿਬ 'ਚ ਜਦੋਂ ਤਾਬਿਆ 'ਚ ਸੇਵਾ ਨਿਭਾਂ ਰਹੇ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਸੋਦਰ ਰਹਿਰਾਸ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਰਹੇ ਸੀ ਤਾਂ ਸਾਹਮਣੇ ਤੋਂ ਇੱਕ ਅਣਪਛਾਤੇ ਵਿਅਕਤੀ ਵੱਲੋਂ ਛਾਲ਼ ਮਾਰ ਕੇ ਹੱਲਾ ਗੁੱਲਾ ਕੀਤਾ ਗਿਆ 'ਤੇ ਗੁਰੂ ਸਾਹਿਬ ਵੱਲ ਵੱਧਣ ਦੀ ਕੋਸ਼ਿਸ਼ ਕਰਦਿਆਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ।
ਜਿਸ ਨੂੰ ਐਨ ਮੌਕੇ ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਟਾਸਕ ਫੋਰਸ ਵੱਲੋਂ ਕਾਬੂ ਕਰਕੇ ਅਪਣੇ ਕਬਜ਼ੇ 'ਚ ਲੈ ਲਿਆ ਗਿਆ।ਪਰ ਇਸ ਤੋਂ ਬਾਅਦ ਰੋਹ 'ਚ ਆਈ ਸੰਗਤ 'ਤੇ ਮੁਲਾਜ਼ਮਾਂ ਨੇ ਉਸ ਦੀ ਕੁੱਟਮਾਰ ਕੀਤੀ। ਇਸੇ ਦੋਰਾਨ ਮੁਲਜ਼ਮ ਦੀ ਮੌਕੇ 'ਤੇ ਹੀ ਮੌਤ ਹੋ ਗਈ। ਐਸਜੀਪੀਸੀ ਦੇ ਸਕੱਤਰ ਸੁਖਦੇਵ ਸਿੰਘ ਨੇ ਭੂਰਾ ਨੇ ਇਸ ਦੀ ਪੁਸ਼ਟੀ ਕੀਤੀ ਹੈ।ਇਸ ਮਗਰੋਂ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ।
ਗੌਰਤਲਬ ਹੈ ਕਿ ਹਫ਼ਤੇ ਦੇ ਵਿੱਚ ਹੀ ਇਹ ਦੂਸਰੀ ਘਟਨਾ ਹੈ। ਕੁਝ ਦਿਨ ਪਹਿਲਾਂ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ 'ਚ ਇਕ ਨੌਜਵਾਨ ਵੱਲੋਂ ਗੁੱਟਕਾ ਸਾਹਿਬ ਸੁੱਟ ਕੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਸ ਨੂੰ ਫੜ੍ਹ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।
ਇਸ ਤੋਂ ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵੀ ਇੱਕ ਵਿਅਕਤੀ ਨੇ ਸਿਗਰਟ ਗੁਰੂ ਗ੍ਰੰਥ ਸਾਹਿਬ ਦੀ ਹਦੂਦ 'ਚ ਸੁੱਟੀ ਸੀ ਪਰ ਕੋਈ ਠੋਸ ਕਾਰਵਾਈ ਨਾ ਹੁੰਦੀ ਵੇਖ ਇਸ ਵਾਰ ਇਸ ਮੰਦਭਾਗੀ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਕੁਝ ਮਿੰਟਾਂ ਬਾਅਦ ਹੀ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।