ਸਾਬਕਾ ਕੈਬਨਿਟ ਮੰਤਰੀ ਦੀ ਮੌਤ 'ਤੇ ਅੱਧੀ ਛੁੱਟੀ
ਏਬੀਪੀ ਸਾਂਝਾ | 27 Feb 2018 01:30 PM (IST)
ਚੰਡੀਗੜ੍ਹ: ਸਾਬਕਾ ਕੈਬਨਿਟ ਮੰਤਰੀ ਸਰਦੂਲ ਸਿੰਘ ਬੰਡਾਲਾ ਦਾ ਦੇਹਾਂਤ ਹੋ ਗਿਆ ਹੈ। ਉਹ 72 ਵਰ੍ਹਿਆਂ ਦੇ ਸਨ। ਬੰਡਾਲਾ ਜੰਡਿਆਲਾ ਤੋਂ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਦੇ ਪਿਤਾ ਹਨ। ਉਹ ਆਪਣੇ ਪਿੱਛੇ ਪਤਨੀ, ਦੋ ਪੁੱਤਰ ਤੇ ਇੱਕ ਧੀ ਛੱਡ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੰਡਾਲਾ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਅੱਜ ਸਰਕਾਰੀ ਅਦਾਰਿਆਂ 'ਚ ਅੱਧੇ ਦਿਨ ਦੀ ਛੁੱਟੀ ਕਰ ਦਿੱਤੀ ਹੈ। ਇੱਕ ਸ਼ੋਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਸਰਦੂਲ ਸਿੰਘ ਬੰਡਾਲਾ ਵੱਲੋਂ ਸਮਾਜ ਦੇ ਪੱਛੜੇ ਵਰਗਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਨਿਭਾਈਆਂ ਸ਼ਾਨਦਾਰ ਸੇਵਾਵਾਂ ਨੂੰ ਚੇਤੇ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਾਬਕਾ ਕੈਬਨਿਟ ਮੰਤਰੀ ਨੇ ਮਾਝਾ ਖੇਤਰ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਵੀ ਅਹਿਮ ਯੋਗਦਾਨ ਪਾਇਆ। ਦੁਖੀ ਪਰਿਵਾਰ ਦੇ ਮੈਂਬਰਾਂ ਤੇ ਸਾਕ-ਸਬੰਧੀਆਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਅਕਾਲ ਪੁਰਖ ਅੱਗੇ ਉਨ੍ਹਾਂ ਨੂੰ ਇਹ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ।