ਲੁਧਿਆਣਾ: ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ 'ਆਪ' ਦੀ ਸਰਕਾਰ ਬਣਨ ਤੇ ਅਧਿਕਾਰੀ ਪਿੰਡ-ਪਿੰਡ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਿਆਂ ਕਰਨਗੇ। ਇਸ ਵਾਅਦੇ ਨੂੰ ਅਮਲੀ ਜਾਮਾਂ ਪਹਿਨਾਉਂਦੇ ਹੋਏ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ 'ਸਾਡਾ ਵਿਧਾਇਕ, ਸਾਡੇ ਘਰ' ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। 


ਆਮ ਘਰ ਦੀ ਧੀ ਨੇ ਆਮ ਲੋਕਾਂ ਦੀਆਂ ਮੁਸ਼ਕਲਾਂ ਪਿੰਡ-ਪਿੰਡ ਤੇ ਮੁਹੱਲਿਆਂ ਵਿੱਚ ਜਾ ਕੇ ਸੁਣਨੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ਕਾਰਨ ਮੌਕੇ ਤੇ ਸਮੱਸਿਆਵਾਂ ਦਾ ਹੱਲ ਕਰਵਾਉਣ ਵਾਲੇ ਲੋਕ ਬਾਗੋ-ਬਾਗ਼ ਹਨ। ਇਸ ਮੁਹਿੰਮ ਤਹਿਤ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੱਲੋਂ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਾਲ ਲਿਜਾਕੇ ਹਲਕਾ ਜਗਰਾਉਂ ਦੇ ਪਿੰਡਾਂ ਮੱਲ੍ਹਾ, ਰਸੂਲਪੁਰ, ਡਾਂਗੀਆਂ, ਕਾਉਂਕੇ ਖੋਸਾ, ਕਾਉਂਕੇ ਕਲਾਂ, ਗੁਰੂਸਰ ਕਾਉਂਕੇ, ਲੋਪੋ ਖੁਰਦ, ਅਗਵਾੜ ਖੁਵਾਜਾ ਬਾਜੂ, ਨਾਨਕ ਨਗਰੀ ਆਦਿ ਦੀਆਂ ਸੱਥਾਂ ਵਿੱਚ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਮੌਕੇ ਉਪਰ ਹੀ ਅਧਿਕਾਰੀਆਂ ਵੱਲੋਂ ਨਿਪਟਾਰਾ ਕੀਤਾ ਗਿਆ। 


ਇਸ ਮੁਹਿੰਮ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਦੱਸਿਆ ਕਿ ਸਾਡੇ ਦੇਸ਼ ਦੀ ਗੰਧਲੀ ਸਿਆਸਤ ਕਾਰਨ ਲੋਕ ਪਿਛਲੇ 75 ਸਾਲਾਂ ਤੋਂ ਗਲੀਆਂ-ਨਾਲੀਆਂ ਦੀਆਂ ਸਮੱਸਿਆਵਾਂ ਤੋਂ ਹੀ ਨਹੀਂ ਉਭਰ ਸਕੇ ਅਤੇ ਉਹਨਾ ਦੀਆਂ ਬਾਕੀ ਲੋੜਾਂ ਤਾਂ ਕਿਸ ਨੇ ਪੂਰੀਆਂ ਕਰਨੀਆਂ ਸੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਲੋਕਾਂ ਨਾਲ ਵਾਅਦਾ ਕੀਤਾ ਸੀ, ਉਸ ਨੂੰ ਪੂਰਾ ਕਰਨ ਲਈ ਉਹ ਲੋਕਾਂ ਦੇ ਬੂਹੇ ਤੇ ਜਾ ਕੇ ਹੱਲ ਕਰ ਰਹੇ ਹਨ। 


ਵਿਧਾਇਕ ਨੇ ਆਖਿਆ ਕਿ ਪਹਿਲਾਂ ਲੋਕ ਆਪਣੀਆਂ ਸਮੱਸਿਆ ਦੇ ਹੱਲ ਲਈ ਸਿਆਸੀ ਲੋਕਾਂ ਅਤੇ ਅਧਿਕਾਰੀਆਂ ਦੇ ਦਰ-ਦਰ ਦੀਆਂ ਠੋਕਰਾਂ ਖਾਂਦੇ ਸਨ, ਪਰੰਤੂ ਕੋਈ ਹੱਲ ਨਹੀਂ ਸੀ ਹੁੰਦਾ। ਜਿਸ ਤੋਂ ਦੁਖੀ ਹੋ ਕੇ ਲੋਕਾਂ ਨੇ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਕੇ ਆਪਣਾ ਰਾਜ ਸਥਾਪਿਤ ਕੀਤਾ ਹੈ। 


ਬੀਬੀ ਮਾਣੂੰਕੇ ਨੇ ਕਿਹਾ ਕਿ ਹੁਣ ਲੋਕਾਂ ਦੀਆਂ ਸਮੱਸਿਆਵਾਂ ਉਹਨਾਂ ਦੇ ਘਰ ਜਾਕੇ ਹੱਲ ਕੀਤੀਆਂ ਜਾ ਰਹੀਆਂ ਹਨ, ਇਹੀ ਤਾਂ ਬਦਲਾ ਹੈ ਅਤੇ ਲੋਕਾਂ ਨੂੰ ਮੁਸ਼ਕਲਾਂ ਹੱਲ ਹੋਣ ਤੋਂ ਬਾਅਦ ਖੁਸ਼ ਵੇਖਕੇ ਉਹਨਾਂ ਨੂੰ ਵੀ ਮਾਨਸ਼ਿਕ ਸਕੂਲ ਮਿਲਦਾ ਹੈ। ਵਿਧਾਇਕਾ ਨੇ ਕਿਹਾ ਕਿ ਉਹ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਪੂਰੀ ਵਾਅ ਲਗਾ ਦੇਣਗੇ ਅਤੇ ਹਲਕੇ ਦੀ ਨੁਹਾਰ ਬਦਲਣ ਲਈ ਜੀਅ-ਤੋੜ ਕੋਸ਼ਿਸ਼ ਕਰਨਗੇ।