ਚੰਡੀਗੜ੍ਹ: ਜਲੰਧਰ ਤੇ ਹੁਸ਼ਿਆਰਪੁਰ ਲੋਕ ਸਭਾ ਹਲਕਿਆਂ ਤੋਂ ਕਾਂਗਰਸ ਦੀ ਟਿਕਟ ਲਈ ਦਾਅਵੇਦਾਰੀ ਠੋਕਣ ਵਾਲੇ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਨੇ ਦੱਸਿਆ ਹੈ ਕਿ ਅਕਾਲੀ ਦਲ ’ਚ ਹੁਣ ਵੱਡੇ ਬਾਦਲ ਦੀ ਨਹੀਂ ਚੱਲਦੀ। ਉਨ੍ਹਾਂ ਕਿਹਾ ਕਿ ਉਹ ਸਿਆਸੀ ਬਦਲਾਖੋਰੀ ਦਾ ਸ਼ਿਕਾਰ ਹੋਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਦਲ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਇਨ੍ਹਾਂ ਚੋਣਾਂ ਵਿੱਚ ਉਸ ਨੂੰ ਇੱਕ ਵੀ ਸੀਟ ਨਹੀਂ ਮਿਲਣੀ। ਉਨ੍ਹਾਂ ਕਿਹਾ ਕਿ ਕੇਸ ਵਿੱਚ ਸਟੇਅ ਮਿਲਣ ਤੋਂ ਬਾਅਦ ਹੀ ਟਿਕਟ ਲਈ ਦਾਅਵੇਦਾਰੀ ਪੇਸ਼ ਕੀਤੀ ਹੈ।

ਫਿਲੌਰ ਨੇ ਕਿਹਾ ਕਿ 2007 ਤੋਂ ਅਕਾਲੀ ਦਲ ਵਿੱਚ ਉਨ੍ਹਾਂ ਨਾਲ ਗਲਤ ਹੋਣਾ ਸ਼ੁਰੂ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸੀਪੀਐਸ ਬਣਾਇਆ ਗਿਆ ਜਦਕਿ ਮਜੀਠੀਆ ਨੂੰ ਮੰਤਰੀ ਬਣਾ ਦਿੱਤਾ। ਉਨ੍ਹਾਂ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਬਾਰੇ ਗੱਲ ਕਰਦਿਆਂ ਕਿਹਾ ਕਿ ਈਡੀ ਦੇ ਅਫ਼ਸਰ ਨੇ ਖ਼ੁਦ ਅਦਾਲਤ ਵਿੱਚ ਮੰਨਿਆ ਸੀ ਕਿ ਉਹ ਦਬਾਅ ਹੇਠ ਕੰਮ ਕਰਦਾ ਹੈ। ਈਡੀ ਪੂਰੇ ਮੁਲਕ ਵਿੱਚ ਵਿਰੋਧੀਆਂ ਨੂੰ ਟਾਰਗੇਟ ਕਰ ਰਹੀ ਹੈ। ਈਡੀ ਵੱਲੋਂ ਪੇਸ਼ ਡਾਇਰੀ ਵਿੱਚ ਕੁੱਲ 300 ਨਾਂ ਸੀ ਪਰ ਸਿਰਫ ਉਨ੍ਹਾਂ ’ਤੇ ਹੀ ਕਾਰਵਾਈ ਕੀਤੀ ਗਈ।

ਉਨ੍ਹਾਂ ਰੋਸ ਜਤਾਇਆ ਕਿ ਮਾਮਲੇ ਵਿੱਚ ਮਜੀਠੀਆ ਦਾ ਵੀ ਸਿੱਧਾ ਨਾਂ ਸਾਹਮਣੇ ਆਇਆ ਸੀ ਪਰ ਉਨ੍ਹਾਂ ’ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅਕਾਲੀ ਦਲ ਬੇਹੱਦ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਹੁਣ ਅਕਾਲੀ ਦਲ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਨਹੀਂ ਚੱਲਦੀ। ਬੀਤੇ ਦਿਨੀਂ ਉਨ੍ਹਾਂ ਆਮ ਆਦਮੀ ਪਾਰਟੀ ਬਾਰੇ ਵੀ ਕਿਹਾ ਸੀ ਕਿ ਇਸ ਸਮੇਂ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਅਧਾਰ ਨੂੰ ਤਕੜਾ ਖੋਰਾ ਲੱਗ ਚੁੱਕਾ ਹੈ ਪਰ ਕਾਂਗਰਸ ਪਾਰਟੀ ਆਪਣਾ ਅਧਾਰ ਮੁੜ ਕਾਇਮ ਕਰਨ ’ਚ ਕਾਮਯਾਬ ਰਹੀ ਹੈ।