ਨਵਾਂਸ਼ਹਿਰ: ਸਾਊਦੀ ਅਰਬ ਵਿਚ ਫਸੀਆਂ ਮਾਵਾਂ ਧੀਆਂ ਨੇ ਵੀਡੀਓ ਭੇਜ ਕੇ ਆਪਣੇ ਆਪ ਨੂੰ ਬਚਾਉਣ ਦੀ ਗੁਹਾਰ ਲਗਾਈ ਹੈ। ਇਸ ਵਾਰ ਮਾਮਲਾ ਨਵਾਂਸ਼ਹਿਰ ਦੀ ਮਾਂ-ਧੀ ਦਾ ਹੈ। ਨਵਾਂਸ਼ਹਿਰ ਦੇ ਪਿੰਡ ਗੜ੍ਹ ਫਤਿਹ ਖਾਂ ਦੀ ਔਰਤ ਗੁਰਬਖਸ਼ ਕੌਰ ਅਤੇ ਉਸ ਦੀ ਧੀ ਰੀਨਾ ਕੰਮ ਦੇ ਸਿਲਸਿਲੇ ਵਿਚ ਸਾਊਦੀ ਅਰਬ ਗਈਆਂ ਸਨ।
ਸੋਸ਼ਲ ਮੀਡੀਆ 'ਤੇ ਪਾਏ ਵੀਡੀਓ ਵਿਚ ਗੁਰਬਖਸ਼ ਕੌਰ ਨੇ ਦੱਸਿਆ ਕਿ ਉਸ ਨੂੰ ਕੰਮ ਤੋਂ ਕੱਢ ਦਿੱਤਾ ਗਿਆ ਹੈ। ਉਸ ਦੀ ਧੀ 'ਤੇ ਗ਼ਲਤ ਦੋਸ਼ ਲਗਾ ਕੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਥੋਂ ਦੀ ਪੁਲਿਸ ਨਾ ਤਾਂ ਉਸ ਦੀ ਧੀ ਦੇ ਬਾਰੇ ਵਿਚ ਦੱਸ ਰਹੀ ਹੈ ਅਤੇ ਨਾ ਹੀ ਉਸ ਦੀ ਸੁਣਵਾਈ ਹੋ ਰਹੀ ਹੈ। ਉਨ੍ਹਾਂ ਦਾ ਵੀਜ਼ਾ ਵੀ ਖ਼ਤਮ ਹੋਣ ਵਾਲਾ ਹੈ। ਉਹ ਧੀ ਦੇ ਬਿਨਾਂ ਘਰ ਨਹੀਂ ਮੁੜ ਸਕਦੀ। ਉਸ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਨੂੰ ਦੇਸ਼ ਵਾਪਸ ਲਿਆਂਦਾ ਜਾਵੇ।

ਪੀੜਤ ਔਰਤ ਦੇ ਬੇਟੇ ਛਿੰਦਾ ਨੇ ਦੱਸਿਆ ਕਿ ਉਸ ਦੀ ਮਾਂ ਗੁਰਬਖਸ਼ ਕੌਰ ਅਤੇ ਭੈਣ ਰੀਨਾ ਨੂੰ ਮਲੇਸ਼ੀਆ ਜਾਣਾ ਸੀ ਪ੍ਰੰਤੂ ਏਜੰਟਾਂ ਨੇ ਮਲੇਸ਼ੀਆ ਦੀ ਥਾਂ ਸਾਊਦੀ ਅਰਬ ਭੇਜ ਦਿੱਤਾ। ਉਥੇ ਉਨ੍ਹਾਂ ਨੂੰ ਇਕ ਕੰਮ 'ਤੇ ਲਗਾ ਦਿੱਤਾ। ਹੁਣ ਏਜੰਟ ਦੁਬਾਰਾ ਪੈਸੇ ਮੰਗ ਰਹੇ ਹਨ। ਔਰਤ ਦੇ ਪਤੀ ਗੁਰਮੇਲ ਦੀ ਸ਼ਿਕਾਇਤ 'ਤੇ ਪੁਲਿਸ ਨੇ ਤਿੰਨ ਏਜੰਟਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਜਲੰਧਰ ਦੇ ਪਿੰਡ ਅੰਗਾ ਕਿਰੀ ਦੇ ਕੁਲਵਿੰਦਰ ਸਿੰਘ, ਪਿੰਡ ਚੂਹੇਕੀ ਦੀ ਸੀਮਾ ਅਤੇ ਨਵੀਂ ਦਿੱਲੀ ਦੀ ਨੇਹਾ 'ਤੇ ਕੇਸ ਦਰਜ ਕੀਤਾ ਹੈ।