ਚੰਡੀਗੜ੍ਹ: ਸੁਪਰੀਮ ਕੋਰਟ ਨੇ ਸਾਬਕਾ ਕ੍ਰਿਕਟਰ ਤੇ ਕਾਂਗਰਸ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਵੱਡੀ ਰਾਹਤ ਦਿੱਤੀ ਹੈ। ਅੱਜ ਸੁਪਰੀਮ ਕੋਰਟ ਨੇ ਗ਼ੈਰ ਇਰਾਦਤਨ ਕਤਲ ਮਾਮਲੇ ਵਿੱਚ ਉਨ੍ਹਾਂ ਦੀ ਤਿੰਨ ਸਾਲ ਦੀ ਸਜ਼ਾ ਰੱਦ ਕਰ ਦਿੱਤੀ ਹੈ। ਇਹ ਸਜ਼ਾ 2006 ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸੁਣਾਈ ਸੀ। ਸਰਵਉੱਚ ਅਦਾਲਤ ਨੇ ਉਨ੍ਹਾਂ ਨੂੰ ਕੁੱਟਮਾਰ ਦੀ ਧਾਰਾ ਤਹਿਤ 6000 ਰੁਪਏ ਜ਼ੁਰਮਾਨਾ ਕੀਤਾ ਹੈ।   ਕੀ ਹੈ ਮਾਮਲਾ? ਅਸਲ ਵਿੱਚ ਪੂਰਾ ਮਾਮਲਾ 27 ਦਸੰਬਰ 1988 ਦਾ ਪਟਿਆਲਾ ਦੇ ਸ਼ੇਰਾਂ ਵਾਲਾ ਗੇਟ ਦਾ ਹੈ। ਇੱਥੇ ਰੋਡ ਰੇਜ ਦੇ ਮਾਮਲੇ ਵਿੱਚ ਗੁਰਨਾਮ ਸਿੰਘ ਨਾਮਕ ਵਿਅਕਤੀ ਦੀ ਮੌਤ ਹੋ ਗਈ ਸੀ। ਸਿੱਧੂ ਉਸ ਸਮੇਂ ਭਾਰਤੀ ਟੀਮ ਵਿੱਚ ਬੱਲੇਬਾਜ਼ ਸਨ। ਪੁਲਿਸ ਰਿਕਾਰਡ ਅਨੁਸਾਰ ਸੜਕ ਤੋਂ ਗੱਡੀ ਹਟਾਉਣ ਦੇ ਮਾਮਲੇ ਨੂੰ ਲੈ ਕੇ ਸਿੱਧੂ ਤੇ ਉਸ ਦੇ ਦੋਸਤ ਰੁਪਿੰਦਰ ਸੰਧੂ ਦਾ ਗੁਰਨਾਮ ਸਿੰਘ ਨਾਲ ਝਗੜਾ ਹੋਇਆ ਸੀ। ਦੋਸ਼ ਇਹ ਸੀ ਕਿ ਸੰਧੂ ਵੱਲੋਂ ਮਾਰ ਗਏ ਘਸੁੰਨ ਕਾਰਨ ਗੁਰਨਾਮ ਸਿੰਘ ਦੀ ਮੌਤ ਹੋ ਗਈ ਸੀ। ਮੈਡੀਕਲ ਰਿਪੋਰਟ ਵਿੱਚ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਤੇ 22 ਸਤੰਬਰ, 1999 ਨੂੰ ਪਟਿਆਲਾ ਦੇ ਸੈਸ਼ਨ ਕੋਰਟ ਨੇ ਸਿੱਧੂ ਤੇ ਉਸ ਦੇ ਦੋਸਤ ਨੂੰ ਬਰੀ ਕਰ ਦਿੱਤਾ। ਸੈਸ਼ਨ ਕੋਰਟ ਦੇ ਫ਼ੈਸਲੇ ਖ਼ਿਲਾਫ਼ ਪੁਲਿਸ ਨੇ ਹਾਈਕੋਰਟ ਵਿੱਚ ਅਪੀਲ ਦਾਖ਼ਲ ਕੀਤੀ। ਸੱਤ ਸਾਲ ਬਾਅਦ 1 ਦਸੰਬਰ 2006 ਨੂੰ ਹਾਈਕੋਰਟ ਨੇ ਸਿੱਧੂ ਤੇ ਉਸ ਦੇ ਦੋਸਤ ਨੂੰ ਗੁਰਨਾਮ ਸਿੰਘ ਦੀ ਗੈਰ ਇਰਾਦਤਨ ਹੱਤਿਆ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਤੇ ਤਿੰਨ ਸਾਲ ਦੀ ਸਜ਼ਾ ਸੁਣਾਈ ਸੀ। ਸਿੱਧੂ ਇਸ ਫੈਸਲੇ ਖਿਲਾਫ ਸੁਪਰੀਮ ਕੋਰਟ ਗਏ ਸੀ।