Punjab News: ਬਰਨਾਲਾ ਵਿੱਚ ਬੱਚਿਆਂ ਨਾਲ ਭਰੀ ਕੇਂਦਰੀ ਵਿਦਿਆਲਿਆ ਮੰਦਰ ਏਅਰ ਫੋਰਸ ਸਕੂਲ ਬੱਸ 'ਤੇ ਹਮਲਾ ਹੋਇਆ ਹੈ। ਇੱਥੇ ਦੋ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ ਚਾਰ ਨਕਾਬਪੋਸ਼ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਸਮੇਂ ਬੱਚਿਆਂ ਨਾਲ ਭਰੀ ਸਕੂਲੀ ਬੱਸ ਸ਼ਹਿਰ ’ਚ ਦਾਖ਼ਲ ਹੋ ਰਹੀ ਸੀ ਜਿਸ ਵਿੱਚ ਬੱਸ ਦਾ ਡਰਾਈਵਰ ਜ਼ਖਮੀ ਹੋ ਗਿਆ। ਹਮਲਾਵਰਾਂ ਨੇ ਬੱਸ ਦੀਆਂ ਖਿੜਕੀਆਂ ਤੋੜ ਦਿੱਤੀਆਂ।



ਇਸ ਦੌਰਾਨ ਬੱਸ ਚਾਲਕ ਸਮਝਦਾਰੀ ਦਿਖਾਉਂਦੇ ਹੋਏ ਸਕੂਲ ਬੱਸ ਨੂੰ ਨੇੜੇ ਦੇ ਡੀਐਸਪੀ ਦਫ਼ਤਰ ਲੈ ਗਿਆ, ਜਿਸ ਕਾਰਨ ਬੱਚਿਆਂ ਦੀ ਜਾਨ ਬਚ ਗਈ। ਹਮਲੇ ਦੌਰਾਨ ਬੱਸ ਵਿੱਚ 34-35 ਬੱਚੇ ਸਵਾਰ ਸਨ। ਹਮਲਾਵਰਾਂ ਵੱਲੋਂ ਇਸ ਕਦਰ ਹਮਲਾ ਕੀਤਾ ਗਿਆ ਕਿ ਬੱਸ ਚਾਲਕ ਦੇ ਬੱਸ ਅੰਦਰ ਬੈਠੇ ਹੋਣ ਦੇ ਬਾਵਜੂਦ ਦੋਵੇਂ ਬਾਹਾਂ ਤੇ ਗਰਦਨ ’ਤੇ ਤਲਵਾਰ ਦੇ ਟੱਕ ਲੱਗ ਗਏ ਤੇ ਮਾਮੂਲੀ ਸੱਟਾਂ ਨਾਲ ਹੀ ਉਕਤ ਹਾਦਸਾ ਟਲ ਗਿਆ।

ਦਰਅਸਲ 'ਚ ਜਦੋਂ ਬੱਸ ਸਕੂਲ 'ਚੋਂ ਛੁੱਟੀ ਤੋਂ ਬਾਅਦ ਬੱਚਿਆਂ ਨੂੰ ਉਤਾਰਨ ਜਾ ਰਹੀ ਸੀ ਤਾਂ ਅਚਾਨਕ ਚਾਰ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਬੱਸ ਨੂੰ ਰੋਕ ਲਿਆ ਤੇ ਬੱਸ 'ਤੇ ਤਲਵਾਰਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਬੱਸ ਦਾ ਸ਼ੀਸ਼ਾ ਟੁੱਟ ਗਿਆ। ਇਸ ਦੌਰਾਨ ਬੱਸ ਚਾਲਕ ਲਖਵਿੰਦਰ ਨੇ ਮੁਸਤੈਦੀ ਨਾਲ ਬੱਸ ਨੂੰ ਪੂਰੀ ਰਫ਼ਤਾਰ ਨਾਲ ਲੈ ਕੇ ਨੇੜੇ ਸਥਿਤ ਬਰਨਾਲਾ ਡੀਐਸਪੀ ਦੇ ਦਫ਼ਤਰ ਵੱਲ ਲੈ ਗਿਆ ।

ਇਸ ਹਮਲੇ ਦੌਰਾਨ ਬੱਸ ’ਚ ਸਵਾਰ ਬੱਚਿਆਂ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਤੇ ਬੱਚੇ ਸਹਿਮ ਗਏ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਬੱਚਿਆਂ ਦੇ ਮਾਪੇ, ਸਕੂਲ ਪ੍ਰਬੰਧਕ ਤੇ ਵੱਡੀ ਗਿਣਤੀ ’ਚ ਇਕੱਠੇ ਹੋ ਗਏ।ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਸਕੂਲ ਬੱਸ 'ਤੇ ਹਮਲਾ ਕਰਨਾ ਬਹੁਤ ਖਤਰਨਾਕ ਹੈ। ਪਰਿਵਾਰ ਵਾਲਿਆਂ ਨੇ ਹਮਲੇ ਨੂੰ ਲੈ ਕੇ ਸਕੂਲ ਤੇ ਪ੍ਰਸ਼ਾਸਨ 'ਤੇ ਸਵਾਲ ਖੜ੍ਹੇ ਕੀਤੇ ਹਨ।  

ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਬਰਨਾਲਾ ਸਤਵੀਰ ਸਿੰਘ ਨੇ ਦੱਸਿਆ ਕਿ   ਹਮਲਾਵਰਾਂ ’ਚੋਂ 1 ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਮਲਾਵਰਾਂ ਦੀ ਬੱਸ ਦੇ ਡਰਾਈਵਰ ਨਾਲ ਪੁਰਾਣੀ ਦੁਸ਼ਮਣੀ ਸੀ, ਜਿਸ ਕਾਰਨ ਇਹ ਹਮਲਾ ਕੀਤਾ ਗਿਆ। ਸਾਰੇ ਬੱਚੇ ਸੁਰੱਖਿਅਤ ਹਨ, ਸਾਰਿਆਂ ਨੂੰ ਘਰ ਭੇਜ ਦਿੱਤਾ ਗਿਆ ਹੈ। ਸਾਨੂੰ ਬੱਸ 'ਤੇ ਹੋਏ ਹਮਲੇ ਦੀ ਸੀਸੀਟੀਵੀ ਫੁਟੇਜ ਮਿਲੀ ਹੈ। ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦੀ ਹੀ ਬਾਕੀ ਹਮਲਾਵਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।