ਖੰਨਾ : ਖੰਨਾ 'ਚ ਅਨਾਰ ਦੀਆਂ ਪੇਟੀਆਂ 'ਚੋਂ ਨੋਟਾਂ ਦੀ ਸਕਰੈਪ ਕਟਿੰਗ ਮਿਲਣ ਨਾਲ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਇਹ ਸਕ੍ਰੈਪ ਕਟਿੰਗ 100, 200 ਅਤੇ 500 ਦੇ ਨੋਟਾਂ ਦੀ ਸੀ। ਸੀਆਈਏ ਸਟਾਫ਼ ਦੀ ਟੀਮ ਨੇ ਮੌਕੇ 'ਤੇ ਪੁੱਜ ਕੇ ਫਲ ਵਿਕਰੇਤਾ ਤੋਂ ਪੁੱਛ ਗਿੱਛ ਕੀਤੀ। ਜਿਸ ਆੜ੍ਹਤੀ ਕੋਲੋਂ ਫਲ ਖਰੀਦੇ ਗਏ ਸੀ, ਉਸ ਕੋਲੋਂ ਵੀ ਪੁੱਛ ਗਿੱਛ ਕੀਤੀ ਗਈ। ਪੁਲਿਸ ਨੇ ਇਹ ਕਟਿੰਗ ਕਬਜ਼ੇ 'ਚ ਲੈਕੇ ਜਾਂਚ ਸ਼ੁਰੂ ਕੀਤੀ।
ਫਲ ਵਿਕਰੇਤਾ ਕੁਲਜੀਤ ਸਿੰਘ ਨੇ ਦੱਸਿਆ ਕਿ ਉਹ ਅਨਾਰ ਦੀ ਪੇਟੀ ਖੰਨਾ ਮੰਡੀ 'ਚੋਂ ਲੈਕੇ ਆਇਆ ਸੀ ਤਾਂ ਇਸ ਵਿੱਚੋਂ ਨੋਟਾਂ ਦੀ ਕਤਰਨ ਨਿਕਲੀ। ਪੁਲਿਸ ਮੌਕੇ 'ਤੇ ਆ ਕੇ ਜਾਂਚ ਕਰ ਰਹੀ ਹੈ। ਦੂਜੇ ਪਾਸੇ ਸੀਆਈਏ ਸਟਾਫ ਇੰਚਾਰਜ ਹੇਮੰਤ ਕੁਮਾਰ ਨੇ ਕਿਹਾ ਕਿ ਬਠਿੰਡਾ 'ਚ ਵੀ ਅਜਿਹਾ ਮਾਮਲਾ ਸਾਮਣੇ ਆਇਆ ਸੀ। ਉਨ੍ਹਾਂ ਨੇ ਬਠਿੰਡਾ ਦੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬਠਿੰਡਾ ਦੇ ਮਾਡਲ ਟਾਊਨ ’ਚ ਇੱਕ ਫਲ ਵਿਕਰੇਤਾ ਵੱਲੋਂ ਵੇਚਣ ਲਈ ਲਿਆਂਦੇ ਅਨਾਰਾਂ ਦੇ ਡੱਬੇ ’ਚੋਂ ਨੋਟਾਂ ਦਾ ਸਕਰੈਪ (Scrap Of Notes) ਨਿਕਲੀ ਸੀ। ਨੋਟਾਂ ਦੀ ਕਟਿੰਗ ਵਾਲੇ ਇਸ ਸਕਰੈਪ ਨੂੰ ਕਬਜੇ ’ਚ ਲੈ ਕੇ ਬਠਿੰਡਾ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਟੀਮ ਵੱਲੋਂ ਜਾਂਚ ਕਰਨ ਲਈ ਹਿਮਾਚਲ ਪ੍ਰਦੇਸ਼ ਪੁਲਿਸ ਨਾਲ ਵੀ ਰਾਬਤਾ ਕਾਇਮ ਕੀਤਾ ਗਿਆ ਹੈ ਤਾਂ ਜੋ ਮਾਮਲੇ ਦੀ ਪੂਰੀ ਜੜ ਤੱਕ ਜਾਇਆ ਜਾ ਸਕੇ।
ਫਲ ਵਿਕਰੇਤਾ ਵਿਸ਼ਾਲ ਕੁਮਾਰ ਨੇ ਫਰੂਟ ਮੰਡੀ ’ਚੋਂ ਅਨਾਰਾਂ ਦਾ ਡੱਬਾ ਖ੍ਰੀਦਿਆ ਸੀ। ਜਦੋਂ ਉਹ ਅਨਾਰ ਲੈ ਕੇ ਆਪਣੀ ਰੇਹੜੀ ’ਤੇ ਗਿਆ ਤਾਂ ਡੱਬਾ ਖੋਲਣ ’ਤੇ ਉਸ ’ਚੋਂ ਅਨਾਰਾਂ ਦੇ ਨਾਲ-ਨਾਲ ਕਟਿੰਗ ਕੀਤੇ ਹੋਏ ਨੋਟ ਵੀ ਮਿਲੇ ਜੋ 200 ਤੇ 500 ਦੇ ਸੀ। ਅਨਾਰਾਂ ਦਾ ਇਹ ਡੱਬਾ ਹਿਮਾਚਲ ਪ੍ਰਦੇਸ਼ ’ਚੋਂ ਆਇਆ ਸੀ। ਪੁਲਿਸ ਨੇ ਨੋਟਾਂ ਦੇ ਸਕਰੈਪ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਸੀ। ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਨੋਟਾਂ ਦਾ ਸਕਰੈਪ ਨਕਲੀ ਹੋ ਸਕਦਾ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ’ਚ ਨੋਟ ਛਾਪਣ ਦੀ ਕੋਈ ਮਸ਼ੀਨ ਨਹੀਂ, ਕਿਸੇ ਵਿਅਕਤੀ ਵੱਲੋਂ ਜਾਅਲੀ ਨੋਟ ਛਾਪ ਕੇ ਸਕਰੈਪ ਨੂੰ ਇਸ ਢੰਗ ਨਾਲ ਖਤਮ ਕਰਨ ਦੀ ਚਾਲ ਚੱਲੀ ਹੋਵੇਗੀ।