ਚੰਡੀਗੜ੍ਹ : ਕਬੂਤਰਬਾਜ਼ੀ ਦੇ ਮਾਮਲੇ 'ਚ ਪਟਿਆਲਾ ਕੇਂਦਰੀ ਜੇਲ੍ਹ ਵਿੱਚ ਬੰਦ ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਸ਼ੁੱਕਰਵਾਰ ਸ਼ਾਮ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਮਹਿੰਦੀ ਨੂੰ ਵੀਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜ਼ਮਾਨਤ ਦੇ ਦਿੱਤੀ ਸੀ। ਦਰਅਸਲ 'ਚ ਦਲੇਰ ਮਹਿੰਦੀ ਨੂੰ 2003 ਦੇ ਕਬੂਤਰਬਾਜ਼ੀ ਦੇ ਮਾਮਲੇ 'ਚ ਕਰੀਬ ਦੋ ਮਹੀਨੇ ਪਹਿਲਾਂ ਪਟਿਆਲਾ ਦੀ ਅਦਾਲਤ ਨੇ 2 ਸਾਲ ਦੀ ਸਜ਼ਾ ਸੁਣਾਈ ਸੀ। ਉਦੋਂ ਤੋਂ ਉਹ ਜੇਲ੍ਹ ਦੀ ਉਸੇ ਬੈਰਕ ਵਿੱਚ ਬੰਦ ਸੀ। 


 

ਦਰਅਸਲ 'ਚ ਪਟਿਆਲਾ ਪੁਲੀਸ ਵੱਲੋਂ ਬਖਸ਼ੀਸ਼ ਸਿੰਘ ਨਾਂ ਦੇ ਵਿਅਕਤੀ ਦੀ ਸ਼ਿਕਾਇਤ ’ਤੇ ਮਹਿੰਦੀ ਅਤੇ ਉਸ ਦੇ ਭਰਾ ਸ਼ਮਸ਼ੇਰ ਸਿੰਘ ਮਹਿੰਦੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਕਰੀਬ 30 ਹੋਰਾਂ ਨੇ ਵੀ ਮਹਿੰਦੀ ਭਰਾਵਾਂ 'ਤੇ ਧੋਖਾਧੜੀ ਦਾ ਦੋਸ਼ ਲਗਾਇਆ ਸੀ। ਦੋਸ਼ ਸਨ ਕਿ ਦੋਵੇਂ ਮਹਿੰਦੀ ਭਰਾਵਾਂ ਨੇ ਉਨ੍ਹਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚਾਉਣ ਲਈ ਉਨ੍ਹਾਂ ਤੋਂ ਮੋਟੀ ਰਕਮ ਲਈ ਸੀ ਪਰ ਬਾਅਦ ਵਿਚ ਉਨ੍ਹਾਂ ਨੂੰ ਅਮਰੀਕਾ ਨਹੀਂ ਭੇਜਿਆ।

ਕੀ ਹੈ ਪੂਰਾ ਮਾਮਲਾ 


ਦਲੇਰ ਮਹਿੰਦੀ ਅਤੇ ਉਸ ਦੇ ਭਰਾ ਸ਼ਮਸ਼ੇਰ ਸਿੰਘ 'ਤੇ ਦੋਸ਼ ਲਗਾਇਆ ਗਿਆ ਸੀ ਕਿ ਉਹ ਲੋਕਾਂ ਨੂੰ ਆਪਣੀ ਮੰਡਲੀ 'ਚ ਸ਼ਾਮਲ ਕਰਕੇ ਵਿਦੇਸ਼ ਲੈ ਕੇ ਜਾਂਦੇ ਸੀ। ਇਸ ਦੇ ਲਈ ਲੋਕਾਂ ਤੋਂ ਮੋਟੀ ਰਕਮ ਵਸੂਲੀ ਜਾਂਦੀ ਸੀ। 2003 ਵਿੱਚ ਪਟਿਆਲਾ ਸਦਰ ਥਾਣੇ ਵਿੱਚ ਦਰਜ ਐਫਆਈਆਰ ਅਨੁਸਾਰ ਮਹਿੰਦੀ ਭਰਾਵਾਂ ਨੇ 1998 ਅਤੇ 1999 ਵਿੱਚ ਦੋ ਮੰਡਲੀਆਂ ਬਣਾਈਆਂ ਸੀ। ਇਸ ਦੌਰਾਨ 10 ਲੋਕਾਂ ਦੇ ਇੱਕ ਗਰੁੱਪ ਨੂੰ ਅਮਰੀਕਾ ਲਿਜਾਇਆ ਗਿਆ ਅਤੇ ਉੱਥੇ ਗੈਰ-ਕਾਨੂੰਨੀ ਢੰਗ ਨਾਲ ਛੱਡ ਦਿੱਤਾ ਗਿਆ। ਪਹਿਲੀ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਪੁਲਿਸ ਨੂੰ ਇਸ ਤਰ੍ਹਾਂ ਦੀਆਂ 35 ਹੋਰ ਸ਼ਿਕਾਇਤਾਂ ਮਿਲੀਆਂ ਸਨ।

 

ਦੱਸ ਦੇਈਏ ਕਿ ਸਾਲ 2003 ਵਿੱਚ ਪਟਿਆਲਾ ਜ਼ਿਲ੍ਹੇ ਦੇ ਪਿੰਡ ਬਲਬੇੜਾ ਦੇ ਬਖਸ਼ੀਸ਼ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਦਲੇਰ ਨੇ ਤਿੰਨ ਲੜਕੀਆਂ ਸਮੇਤ 10 ਵਿਅਕਤੀਆਂ ਨੂੰ ਅਮਰੀਕਾ ਭੇਜਣਾ ਸੀ ਪਰ ਉਸ ਕੋਲੋਂ ਪੈਸੇ ਤਾਂ ਲਏ ਪਰ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਇਸ ਮਾਮਲੇ 'ਚ ਦਲੇਰ ਮਹਿੰਦੀ ਤੋਂ ਪਹਿਲਾਂ ਵੱਡੇ ਭਰਾ ਸ਼ਮਸ਼ੇਰ ਸਿੰਘ 'ਤੇ 19 ਸਤੰਬਰ 2003 ਨੂੰ ਮਨੁੱਖੀ ਤਸਕਰੀ ਦਾ ਮਾਮਲਾ ਦਰਜ ਹੋਇਆ ਸੀ।


ਸ਼ਮਸ਼ੇਰ ਤੋਂ ਪੁੱਛਗਿੱਛ ਤੋਂ ਬਾਅਦ ਪਟਿਆਲਾ ਪੁਲਿਸ ਨੇ ਦਲੇਰ ਨੂੰ ਵੀ ਨਾਮਜ਼ਦ ਕਰ ਲਿਆ ਸੀ। 2006 ਵਿੱਚ ਪੰਜਾਬ ਪੁਲਿਸ ਨੇ ਮਹਿੰਦੀ ਭਰਾਵਾਂ ਨੂੰ ਬੇਕਸੂਰ ਕਰਾਰ ਦੇ ਕੇ ਕੇਸ ਬੰਦ ਕਰਨ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਇਨਕਾਰ ਕਰ ਦਿੱਤਾ ਸੀ। 15 ਸਾਲਾਂ ਬਾਅਦ 16 ਮਾਰਚ 2018 ਨੂੰ ਪਟਿਆਲਾ ਦੀ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਨਿਧੀ ਸੈਣੀ ਦੀ ਅਦਾਲਤ ਨੇ ਮਹਿੰਦੀ ਨੂੰ ਧੋਖਾਧੜੀ ਅਤੇ ਸਾਜ਼ਿਸ਼ ਰਚਣ ਦਾ ਦੋਸ਼ੀ ਪਾਇਆ ਸੀ। ਵਧੀਕ ਸੈਸ਼ਨ ਜੱਜ ਐਚ.ਐਸ ਗਰੇਵਾਲ, ਪਟਿਆਲਾ ਦੀ ਅਦਾਲਤ ਨੇ 14 ਜੁਲਾਈ 2022 ਨੂੰ ਦਲੇਰ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਅਤੇ ਉਨ੍ਹਾਂ ਦੀ 2 ਸਾਲ ਦੀ ਸਜ਼ਾ ਨੂੰ ਬਰਕਰਾਰ ਰੱਖਿਆ।