ਚੰਡੀਗੜ੍ਹ : ਆਮ ਆਦਮੀ ਪਾਰਟੀ ਵੱਲੋਂ ਭਾਜਪਾ ਉਪਰ ਪੰਜਾਬ ਵਿੱਚ ਅਪ੍ਰੇਸ਼ਨ ਲੋਟਸ ਚਲਾਉਣ ਦੇ ਦੋਸ਼ ਲਾਏ ਗਏ ਹਨ। ਪੰਜਾਬ ਦੇ AAP ਵਿਧਾਇਕਾਂ ਨੂੰ ਖਰੀਦ ਫ਼ਰੋਖ਼ਤ ਮਾਮਲੇ 'ਤੇ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ। ਆਪ ਵਿਧਾਇਕਾਂ ਨੂੰ ਆਫ਼ਰ ਅਤੇ ਧਮਕੀਆਂ ਦੇਣ ਦੇ ਮਾਮਲੇ 'ਚ ਪੰਜਾਬ ਪੁਲਿਸ ਅਤੇ ਵਿਜੀਲੈਂਸ ਬਿਊਰੋ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਸਭ ਤੋਂ ਪਹਿਲਾਂ ਉਨ੍ਹਾਂ ਵਿਧਾਇਕਾਂ ਦੀ ਜਾਂਚ ਹੋ ਰਹੀ ਹੈ, ਜਿਨ੍ਹਾਂ ਨੇ ਧਮਕੀਆਂ ਅਤੇ 25 ਕਰੋੜ ਰੁਪਏ ਦਾ ਆਫਰ  ਮਿਲਣ ਦਾ ਦਾਅਵਾ ਕੀਤਾ ਹੈ। ਹਾਲਾਂਕਿ ਅਧਿਕਾਰੀਆਂ ਨੇ ਅਜੇ ਤੱਕ ਉਨ੍ਹਾਂ ਵਿਧਾਇਕਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਹੈ, ਜਿਨ੍ਹਾਂ ਤੋਂ ਜਾਂਚ ਸ਼ੁਰੂ ਕੀਤੀ ਗਈ ਹੈ।


ਸੂਤਰਾਂ ਮੁਤਾਬਕ 5 ਵਿਧਾਇਕ ਅਜਿਹੇ ਹਨ ,ਜਿਨ੍ਹਾਂ ਕੋਲ ਵੌਇਸ ਰਿਕਾਰਡਿੰਗ ਹੈ। ਜਾਂਚ ਲਈ ਤਕਨੀਕੀ ਟੀਮ ਬਣਾਈ ਗਈ ਹੈ। ਦੁਆਬੇ ਦੇ ਇੱਕ ਵਿਧਾਇਕ ਤੋਂ ਕਾਲਿੰਗ ਸਬੰਧੀ ਡਿਟੇਲ 'ਚ ਜਾਣਕਾਰੀ ਇਕਠੀ ਕੀਤੀ ਗਈ ਹੈ। ਇਸ ਦੇ ਨਾਲ ਹੀ ਇੱਕ ਹੋਰ ਵਿਧਾਇਕ ਨੇ ਵੀ ਰਿਕਾਰਡਿੰਗ ਦਿੱਤੀ ਹੈ, ਜਿਸ ਦੇ ਬਿਆਨ ਕਲਮਬੰਦ ਕੀਤੇ ਜਾ ਰਹੇ ਹਨ। ਆਪ' ਦੇ ਜਿਨ੍ਹਾਂ ਵਿਧਾਇਕਾਂ ਨੇ ਆਫਰ ਲਈ ਕਾਲਾਂ ਆਉਣ ਦਾ ਦਾਅਵਾ ਕੀਤਾ ਗਿਆ ਹੈ, ਉਨ੍ਹਾਂ 'ਚੋਂ ਕਈ ਆਪਣੀ ਪਾਰਟੀ ਤੋਂ ਨਾਰਾਜ਼ ਚੱਲ ਰਹੇ ਹਨ। ਵਿਧਾਇਕਾਂ ਨੂੰ ਕਾਲ ਕਰਨ ਵਾਲਿਆਂ ਦੀਆਂ ਵੱਖਰੀਆਂ -ਵੱਖਰੀਆਂ ਆਵਾਜ਼ਾਂ ਹਨ। ਯਾਨੀ ਕਾਲ ਕਰਨ ਵਾਲੇ ਅਲੱਗ -ਅਲੱਗ ਹਨ। 


ਵਿਧਾਇਕਾਂ ਦਾ ਇਲਜ਼ਾਮ- ਚੰਡੀਗੜ੍ਹ ਤੱਕ ਸਾਡਾ ਪਿੱਛਾ ਹੋਇਆ 


ਜਿਨ੍ਹਾਂ ਵਿਧਾਇਕਾਂ ਨੂੰ ਫੋਨ ਕਰਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ, ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਵਿਧਾਇਕਾਂ ਨੇ ਇਹ ਵੀ ਦੋਸ਼ ਲਾਇਆ ਕਿ ਕੁਝ ਲੋਕਾਂ ਨੇ ਚੰਡੀਗੜ੍ਹ ਤੱਕ ਉਨ੍ਹਾਂ ਦਾ ਪਿੱਛਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਆਪਣੇ ਘਰੋਂ ਨਿਕਲੇ ਸਨ ਤਾਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਨ੍ਹਾਂ ਦਾ ਪਿੱਛਾ ਕੀਤਾ ਗਿਆ। ਇਸ ਸਬੰਧੀ ਉਸ ਦੇ ਘਰ ਨੇੜੇ ਲੱਗੇ ਟੋਲ ਪਲਾਜ਼ਾ ਤੋਂ ਵੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਧਮਕੀਆਂ ਮਿਲਣ ਦਾ ਦਾਅਵਾ ਕਰਨ ਵਾਲੇ ਵਿਧਾਇਕਾਂ ਨੂੰ ਵੌਇਸ ਰਿਕਾਰਡਿੰਗ ਨਾਲ ਸਬੰਧਤ ਹੋਰ ਵੇਰਵੇ ਦੇਣ ਲਈ ਕਿਹਾ ਗਿਆ ਹੈ। 


ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆ ਰਹੀ ਹੈ ਕਿ 'ਆਪ' ਵਿਧਾਇਕਾਂ ਨੂੰ ਦੋ ਤਰੀਕਿਆਂ ਨਾਲ ਕਾਲਾਂ ਕੀਤੀਆਂ ਗਈਆਂ ਹਨ, ਇਕ ਇੰਟਰਨੈੱਟ ਕਾਲਿੰਗ ਰਾਹੀਂ ਅਤੇ ਦੂਜਾ ਸਪੂਫ ਐਪ ਰਾਹੀਂ। ਇਹ ਐਪਸ ਕਾਲਰ ਦੀ ਆਈਡੀ ਬਦਲ ਦਿੰਦੇ ਹਨ, ਜਿਸ ਨਾਲ ਵਿਅਕਤੀ ਨੂੰ ਲੱਗਦਾ ਹੈ ਕਿ ਕਾਲ ਕਿਸੇ ਖਾਸ ਵਿਅਕਤੀ ਵੱਲੋਂ ਕੀਤੀ ਗਈ ਹੈ। ਅਜਿਹੇ ਕਈ ਐਪਸ ਪਲੇ ਸਟੋਰ 'ਤੇ ਵੀ ਉਪਲਬਧ ਹਨ। ਵਿਧਾਇਕਾਂ ਨੇ ਸ਼ਿਕਾਇਤ ਵਿੱਚ ਕਿਹਾ, ਸਾਨੂੰ ਜੋ ਕਾਲ ਆਈ, ਉਸ 'ਚ ਸਬੰਧਤ ਵਿਅਕਤੀਆਂ ਨੇ ਆਫਰ ਦੀ ਸ਼ੁਰੂਆਤ 25 ਕਰੋੜ ਰੁਪਏ ਤੋਂ ਕੀਤੀ।
  


ਆਪ੍ਰੇਸ਼ਨ ਲੋਟਸ 'ਚ ਸ਼ਾਮਲ ਲੋਕਾਂ ਦਾ ਜਲਦ ਹੀ ਖੁਲਾਸਾ ਹੋਵੇਗਾ : ਕਟਾਰੂਚੱਕ


ਖੁਰਾਕ ਤੇ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ 'ਚ 'ਆਪ' ਪਾਰਟੀ ਦੇ ਵਿਧਾਇਕਾਂ ਨੂੰ ਕਿਸ ਨੇ ਪੇਸ਼ਕਸ਼ਾਂ ਅਤੇ ਧਮਕੀਆਂ ਦਿੱਤੀਆਂ ਸਨ, ਜਲਦੀ ਹੀ ਸਾਹਮਣੇ ਆ ਜਾਵੇਗਾ। ਆਪ੍ਰੇਸ਼ਨ ਲੋਟਸ ਵਿੱਚ ਕਿਸ ਵੀ ਆਗੂ ਜਾਂ ਵਿਅਕਤੀ ਦਾ ਨਾਮ ਸਾਹਮਣੇ ਆਵੇਗਾ, ਇਸ ਦਾ ਖੁਲਾਸਾ ਜਲਦੀ ਹੀ ਕੀਤਾ ਜਾਵੇਗਾ।

ਦੱਸ ਦੇਈਏ ਕਿ ਪਿਛਲੇ ਦਿਨੀਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਏ ਸਨ ਕਿ ਭਾਜਪਾ, ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਡੇਗਣਾ ਚਾਹੁੰਦੀ ਹੈ, ਜਿਸ ਲਈ ਪੰਜਾਬ ਵਿੱਚ ਵੀ ਅਪ੍ਰੇਸ਼ਨ ਲੋਟਸ ਦੀ ਤਿਆਰੀ ਹੈ। ਦੋਸ਼ ਲਾਏ ਗਏ ਹਨ ਕਿ ਭਾਜਪਾ ਨੇ ਉਨ੍ਹਾਂ ਦੇ 7 ਤੋਂ 10 ਵਿਧਾਇਕਾਂ ਨੂੰ ਖਰੀਦਣ ਲਈ ਉਨ੍ਹਾਂ ਦੀ 25 ਕਰੋੜ ਰੁਪਏ ਪ੍ਰਤੀ ਵਿਧਾਇਕ ਬੋਲੀ ਲਗਾਈ ਹੈ ਅਤੇ ਇਸ ਸਾਰੇ ਕੰਮ ਲਈ ਲਗਭਗ 1375 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।