ਚੰਡੀਗੜ੍ਹ: ਬਹਿਬਲ ਕਾਂਡ ’ਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਦੀ ਜਾਨ ਨੂੰ ਖਤਰਾ ਹੈ। ਇਸ ਲਈ ਉਸ ਨੂੰ ਪਟਿਆਲਾ ਦੀ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਅਦਾਲਤ ਨੇ ਉਸ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਤਹਿਤ ਜੇਲ੍ਹ ਭੇਜਿਆ ਹੈ। ਸ਼ਰਮਾ ਨੇ ਖਦਸ਼ਾ ਜਤਾਇਆ ਹੈ ਕਿ ਫਰੀਦਕੋਟ ਤੇ ਫਿਰੋਜ਼ਪੁਰ ਜੇਲ੍ਹ ਵਿੱਚ ਉਸ ਦੀ ਜਾਨ ਨੂੰ ਖਤਰਾ ਹੈ।
ਇਸ ਤੋਂ ਪਹਿਲਾਂ ਸ਼ਰਮਾ ਨੇ ਅਦਾਲਤ ਵਿੱਚ ਅਰਜ਼ੀ ਦੇ ਕੇ ਵੀ ਮੰਗ ਕੀਤੀ ਸੀ ਕਿ ਉਸ ਨੂੰ ਫਰੀਦਕੋਟ ਤੇ ਫਿਰੋਜ਼ਪੁਰ ਦੀ ਜੇਲ੍ਹ ਵਿੱਚ ਨਾ ਭੇਜਿਆ ਜਾਵੇ। ਉਸ ਨੇ ਹਵਾਲਾ ਦਿੱਤਾ ਸੀ ਕਿ ਉਹ ਲੰਬਾ ਸਮਾਂ ਫਰੀਦਕੋਟ ’ਚ ਐਸਐਸਪੀ ਵਜੋਂ ਤਾਇਨਾਤ ਰਿਹਾ ਹੈ। ਉਸ ਨੇ ਕਈ ਨਾਮੀ ਗੈਂਗਸਟਰਾਂ ਤੇ ਸਮਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਜੋ ਹੁਣ ਇਨ੍ਹਾਂ ਜੇਲ੍ਹਾਂ ਵਿੱਚ ਨਜ਼ਰਬੰਦ ਹਨ। ਇਨ੍ਹਾਂ ਗੈਂਗਸਟਰਾਂ ਤੋਂ ਹੀ ਆਪਣੀ ਜਾਨ ਨੂੰ ਖਤਰਾ ਦੱਸਿਆ ਸੀ।
ਬੇਸ਼ੱਕ ਸਰਕਾਰੀ ਵਕੀਲ ਨੇ ਇਸ ਦਰਖਾਸਤ ਨੂੰ ਗੈਰਵਾਜਬ ਦੱਸਦਿਆਂ ਕਿਹਾ ਕਿ ਹਵਾਲਾਤੀ ਨੂੰ ਕਿਸ ਜੇਲ੍ਹ ’ਚ ਰੱਖਿਆ ਜਾਣਾ ਹੈ, ਉਹ ਜੇਲ੍ਹ ਮੈਨੂਅਲ ਮੁਤਾਬਕ ਜੇਲ੍ਹ ਸੁਪਰਡੈਂਟ ਹੀ ਦੇਖੇਗਾ। ਇਸ ਕਰਕੇ ਅਦਾਲਤ ਨੇ ਇਸ ਦਰਖਾਸਤ ਦੀ ਸੁਣਵਾਈ ਤੋਂ ਬਾਅਦ ਉਸ ਨੂੰ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਰੱਖਣ ਦੇ ਆਦੇਸ਼ ਦਿੱਤੇ। ਇਸ ਮਗਰੋਂ ਅਚਾਨਕ ਪੁਲਿਸ ਨੇ ਉਸ ਨੂੰ ਤੁਰੰਤ ਪਟਿਆਲੇ ਦੀ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ।
ਚਰਚਾ ਹੈ ਕਿ ਖੁਫ਼ੀਆ ਏਜੰਸੀਆਂ ਨੇ ਵੀ ਗ੍ਰਿਫ਼ਤਾਰੀ ਤੋਂ ਪਹਿਲਾਂ ਚਰਨਜੀਤ ਸ਼ਰਮਾ ਦੀ ਜਾਨ ਨੂੰ ਗਰਮ ਖਿਆਲੀਆਂ ਤੋਂ ਖਤਰਾ ਦੱਸਿਆ ਸੀ। ਇਸ ਕਰਕੇ ਗ੍ਰਹਿ ਵਿਭਾਗ ਨੇ ਉਸ ਨੂੰ 12 ਸੁਰੱਖਿਆ ਕਰਮਚਾਰੀ ਮੁਹੱਈਆ ਕਰਵਾਏ ਹੋਏ ਸਨ।