ਅੰਮ੍ਰਿਤਸਰ: ਪਿੰਡ ਪੰਡੋਰੀ ਵੜੈਚ ਵਿੱਚ ਸਕਿਊਰਟੀ ਗਾਰਡ ਨੇ ਗੁਆਂਢੀ ਦਾ ਸਵਾ ਤਿੰਨ ਸਾਲ ਦਾ ਬੱਚਾ ਅਗਵਾ ਕਰਕੇ ਉਸ ਦੀ ਕਤਲ ਕਰ ਦਿੱਤਾ। ਸ਼ਨੀਵਾਰ ਦੁਪਹਿਰ ਉਹ ਬੱਚੇ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਿਆ ਤੇ ਫਿਰ ਉਸ ਨੂੰ ਮਾਰ ਕੇ ਲਾਸ਼ ਪਿੰਡ ਦੇ ਅਧੂਰੇ ਪਏ ਮਕਾਨ ਵਿੱਚ ਨੱਪ ਦਿੱਤੀ। ਕਤਲ ਪਿੱਛੋਂ ਮੁਲਜ਼ਮ ਦੋ ਘੰਟਿਆਂ ਤਕ ਬੱਚੇ ਦੇ ਪਰਿਵਾਰ ਤੇ ਪਿੰਡ ਵਾਲਿਆਂ ਨਾਲ ਮਿਲ ਕੇ ਉਸ ਨੂੰ ਲੱਭਣ ਦਾ ਨਾਟਕ ਕਰਦਾ ਰਿਹਾ। ਪੁਲਿਸ ਨੇ ਕੈਮਰੇ ਖੰਘਾਲੇ ਤਾਂ ਸੱਚ ਸਾਹਮਣੇ ਆ ਗਿਆ।

ਪੁਲਿਸ ਨੇ ਜੰਮੂ ਤੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬੱਚੇ ਦੇ ਪਿਤਾ ਨੇ ਇਲਜ਼ਾਮ ਲਾਇਆ ਹੈ ਕਿ ਕਤਲ ਬਲੀ ਦੇਣ ਦੇ ਮਕਸਦ ਨਾਲ ਕੀਤਾ ਗਿਆ ਹੈ। ਸੁਰਜੀਤ ਸਿੰਘ ਆਪਣੀ ਪਤਨੀ ਅੰਜੂ ਤੇ ਦੇ ਬੇਟਿਆਂ, ਸਾਢੇ 6 ਸਾਲ ਦਾ ਮਨਦੀਪ ਤੇ ਸਵਾ 3 ਸਾਲ ਦੇ ਤੇਜਪਾਲ ਨਾਲ ਪੰਡੋਰੀ ਵੜੈਚ ਵਿੱਚ ਰਹਿੰਦਾ ਹੈ। ਮੁਲਜ਼ਮ ਸਕਿਊਰਟੀ ਗਾਰਡ ਬਿੱਟੂ ਉਨ੍ਹਾਂ ਦਾ ਗੁਆਂਢੀ ਸੀ।

ਬਿੱਟੂ ਨੇ ਸਵਾ ਤਿੰਨ ਸਾਲਾਂ ਦੇ ਤੇਜਪਾਲ ਦਾ ਕਤਲ ਕਰ ਦਿੱਤਾ। ਬੱਚਾ ਸ਼ਨੀਵਾਰ ਦੁਪਹਿਰ ਤੋਂ ਲਾਪਤਾ ਸੀ। ਸੀਸੀਟੀਵੀ ਫੁਟੇਜ ਤੋਂ ਪਤਾ ਲੱਗਾ ਕਿ ਬਿੱਟੂ ਉਸ ਨੂੰ ਖਿਡੌਣੇ ਦਾ ਲਾਲਚ ਦੇ ਕੇ ਆਪਣੇ ਨਾਲ ਲੈ ਗਿਆ ਸੀ। ਤੇਜਪਾਲ ਦੇ ਪਰਿਵਾਰ ਨੇ ਬਿੱਟੂ 'ਤੇ ਉਸ ਦੀ ਬਲੀ ਦੇਣ ਦਾ ਇਲਜ਼ਾਮ ਲਾਇਆ ਹੈ।

ਮੁਲਜ਼ਮ ਬਿੱਟੂ ਪਹਿਲਾਂ ਬੱਚੇ ਨੂੰ ਲੱਭਣ ਦਾ ਨਾਟਕ ਕਰਦਾ ਰਿਹਾ। ਫਿਰ ਧਾਰਮਿਕ ਯਾਤਰਾ 'ਤੇ ਜਾਣ ਦਾ ਕਹਿ ਕੇ ਜੰਮੂ ਚਲਾ ਗਿਆ। ਇੱਥੋਂ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐਤਵਾਰ ਸਵੇਰੇ ਤੇਜਪਾਲ ਦੇ ਘਰੋਂ ਇੱਕ ਕਿੱਲੋਮੀਟਰ ਦੂਰ ਸੁੰਨਸਾਨ ਪਈ ਕਲੋਨੀ ਵਿੱਚ ਬਣੇ ਮਕਾਨ ਅੰਦਰੋਂ ਉਸ ਦੀ ਲਾਸ਼ ਬਰਾਮਦ ਕਰ ਲਈ ਗਈ ਹੈ।

ਪੋਸਟਮਾਰਟਮ ਦੀ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਬੱਚੇ ਦੇ ਸਿਰ ਵਿੱਚ ਵਾਰ ਕਰਕੇ ਉਸ ਦਾ ਕਤਲ ਕੀਤਾ ਗਿਆ। ਪਿੰਡ ਵਾਲਿਆਂ ਨੂੰ ਸ਼ੱਕ ਹੈ ਕਿ 47 ਸਾਲਾ ਬਿੱਟੂ ਹਾਲੇ ਕਵਾਰਾ ਹੈ। ਉਸ ਨੇ ਤੰਤਰ ਵਿੱਦਿਆ ਦੇ ਚੱਕਰ ਵਿੱਚ ਆ ਕੇ ਮਾਸੂਮ ਦੀ ਬਲੀ ਦਿੱਤੀ ਹੈ।