ਚੰਡੀਗੜ੍ਹ: ਲੁਧਿਆਣਾ ਪੁਲੀਸ ਵੱਲੋਂ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਤੇ ਉਨ੍ਹਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਿਸ ਕਮਿਸ਼ਨਰ ਆਰ.ਐਨ. ਢੋਕੇ ਅਨੁਸਾਰ ਜੇ ਲੋੜ ਪਈ ਤਾਂ ਬੈਂਸ ਭਰਾਵਾਂ ਦੀ ਸੁਰੱਖਿਆ ਵਿੱਚ ਹੋਰ ਵਾਧਾ ਕੀਤਾ ਜਾਵੇਗਾ। ਦੂਜੇ ਪਾਸੇ ਕਾਂਗਰਸੀ ਵਰਕਰਾਂ ਵੱਲੋਂ ਲੋਕਾਂ ਇਨਸਾਫ਼ ਪਾਰਟੀ ਦੇ ਪ੍ਰਮੁੱਖ ਸਿਮਰਜੀਤ ਸਿੰਘ ਬੈਂਸ ਤੇ ਹੋਰ ਵਰਕਰਾਂ ਨਾਲ ਕੀਤੀ ਗਈ ਕਥਿਤ ਕੁੱਟਮਾਰ ਬਾਰੇ ਲੋਕ ਇਨਸਾਫ਼ ਪਾਰਟੀ ਤੇ ਆਮ ਆਦਮੀ ਪਾਰਟੀ ਨੇ ਪੁਲਿਸ ਨੂੰ 24 ਘੰਟੇ ਦਾ ਅਲਟੀਮੇਟਮ ਦਿੱਤਾ ਹੈ। 24 ਘੰਟੇ ਅੰਦਰ ਕਾਰਵਾਈ ਨਾ ਹੋਣ 'ਤੇ 'ਆਪ' ਤੇ 'ਲਿਪ' ਵੱਲੋਂ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ 20 ਫਰਵਰੀ ਨੂੰ ਧਰਨਾ ਦਿੱਤਾ ਜਾਵੇਗਾ। ਇਸ ਮਾਮਲੇ ਦੀ ਜਾਂਚ ਆਈ.ਪੀ.ਐੱਸ. ਸੁਰਿੰਦਰ ਲਾਂਬਾ ਕਰਨਗੇ। ਅੱਜ ਕਥਿਤ ਕੁੱਟਮਾਰ ਦੇ ਮਾਮਲੇ 'ਚ ਸਿਮਰਜੀਤ ਸਿੰਘ ਬੈਂਸ, ਬਲਵਿੰਦਰ ਸਿੰਘ ਬੈਂਸ, ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਅਤੇ ਲੋਕ ਇਨਸਾਫ਼ ਪਾਰਟੀ ਦੇ ਵਰਕਰ ਨੇ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤੇ ਦੋਸ਼ੀਆਂ ਖ਼ਿਲਾਫ ਬਣਦੀ ਕਰਵਾਈ ਕੀਤੀ ਜਾਵੇ। ਇਸ ਮੌਕੇ ਸੁਖਪਾਲ ਖਹਿਰਾ ਨੇ ਕਿਹਾ ਹੈ ਕਿ ਪੰਜਾਬ 'ਚ ਕਾਂਗਰਸ ਦੀ ਸਰਕਾਰ ਹੇਠ ਜੰਗਲ ਰਾਜ ਚੱਲ ਰਿਹਾ ਹੈ ਤੇ ਵਿਰੋਧੀਆਂ ਦੀ ਆਵਾਜ਼ ਨੂੰ ਦਬਾਉਣ ਲਈ ਹਰ ਤਰ੍ਹਾਂ ਦੀ ਤਰੀਕੇ ਵਰਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਤਰ੍ਹਾਂ ਦੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕਰਨਗੇ ਤੇ ਸਰਕਾਰ ਨੂੰ ਇਸ ਦਾ ਮੂੰਹ ਤੋੜਵਾਂ ਜਵਾਬ ਦੇਣਗੇ।