ਯਾਦਵਿੰਦਰ ਸਿੰਘ


ਚੰਡੀਗੜ੍ਹ: ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਗਠਜੋੜ 'ਚ ਸਭ ਨੂੰ ਨਾਲ ਕੇ ਚੱਲਦੇ ਸੀ ਪਰ ਮੌਜੂਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਹੀਂ ਚੱਲਦੇ ਹਨ। ਵਾਜਪਾਈ ਸਾਨੂੰ ਵੱਧ ਮਹੱਤਤਾ ਦਿੰਦੇ ਸਨ ਪਰ ਮੋਦੀ ਨਹੀਂ ਦਿੰਦੇ। ਏਬੀਪੀ ਸਾਂਝਾ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸੀਨੀਅਰ ਅਕਾਲੀ ਲੀਡਰ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਸ ਤਰ੍ਹਾਂ ਨਾਰਾਜ਼ਗੀ ਜਤਾਈ ਹੈ।

ਏਬੀਪੀ ਸਾਂਝਾ ਵੱਲੋਂ ਉਨ੍ਹਾਂ ਤੋਂ ਅਕਾਲੀ-ਭਾਜਪਾ ਗਠਜੋੜ ਸਬੰਧੀ ਸਵਾਲ ਪੁੱਛਿਆ ਗਿਆ ਸੀ। ਉਨ੍ਹਾਂ ਕਿਹਾ ਕਿ ਜਿਵੇਂ ਵਾਜਪਈ ਗਠਜੋੜ ਦੇ ਲੀਡਰਾਂ ਨੂੰ ਮਿਲਦੇ ਸੀ ਮੋਦੀ ਉਸ ਤਰ੍ਹਾਂ ਨਹੀਂ ਮਿਲਦੇ। ਉਨ੍ਹਾਂ ਕਿਹਾ ਕਿ ਮੋਦੀ ਦੀ ਬੀਜੇਪੀ ਅਕਾਲੀ ਦਲ ਗਠਜੋੜ ਪ੍ਰਤੀ ਸਹੀ ਰਵੱਈਆ ਨਹੀਂ ਆਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੋਲ ਖੋਲ੍ਹ ਰੈਲੀਆਂ 2019 ਦੀਆਂ ਚੋਣਾਂ ਦੀਆਂ ਤਿਆਰੀਆਂ ਲਈ ਕਰ ਰਿਹਾ ਹੈ ਤੇ 2019 'ਚ ਸਾਡਾ ਪ੍ਰਦਰਸ਼ਨ ਚੰਗਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋ ਚੁੱਕੀ ਹੈ ਤੇ ਲੋਕ ਅਕਾਲੀ ਦਲ ਵੱਲ ਦੇਖ ਰਹੇ ਹਨ।

ਢੀਂਡਸਾ ਨੇ ਕਿਹਾ ਕਿ ਮੈਂ ਸੰਗਰੂਰ ਤੋਂ 2019 ਦੀ ਲੋਕ ਸਭਾ ਚੋਣ ਨਹੀਂ ਲੜਾਂਗਾ ਤੇ ਪਾਰਟੀ ਜੋ ਫੈਸਲਾ ਕਰੇਗੀ ਉਸ ਦੇ ਨਾਲ ਹਾਂ। ਉਨ੍ਹਾਂ ਕਿਹਾ ਕਿ ਜੇ ਪਾਰਟੀ ਨੇ ਸਾਡੇ ਪਰਿਵਾਰ 'ਚੋਂ ਕਿਸੇ ਦੇ ਲੜਣ ਬਾਰੇ ਫੈਸਲਾ ਕੀਤਾ ਤਾਂ ਉਦੋਂ ਸੋਚਾਂਗੇ ਕਿ ਕਿਸ ਨੂੰ ਲੜਾਇਆ ਜਾਵੇ। ਉਨ੍ਹਾਂ ਆਪਣੇ ਬੇਟੇ ਪਰਮਿੰਦਰ ਢੀਂਡਸਾ ਤੇ ਨੂੰਹ ਬਾਰੇ ਅਜੇ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ।

ਉਨ੍ਹਾਂ ਆਪਣੇ ਭਾਣਜੇ ਅਮਨਵੀਰ ਚੈਰੀ ਬਾਰੇ ਗੈਂਗਸਟਰ ਰਵੀ ਦਿਓਲ ਵੱਲੋਂ ਕੀਤੇ ਖੁਲਾਸੇ ਸਬੰਧੀ ਕਿਹਾ ਕਿ ਮਾਮਲੇ ਦੀ ਜਾਂਚ ਹੋ ਰਹੀ ਹੈ ਤੇ ਉਹ ਜਾਂਚ ਵਿੱਚ ਸ਼ਾਮਿਲ ਹੋ ਜਾਵੇਗਾ। ਸਾਨੂੰ ਪੁਲਿਸ ਦੀ ਜਾਂਚ ਤੋਂ ਕੋਈ ਸਮੱਸਿਆ ਨਹੀਂ। ਪੁਲਿਸ ਨਿਰਪੱਖ ਜਾਂਚ ਕਰੇ ਤੇ ਅਸੀਂ ਹਰ ਕਿਸਮ ਦੇ ਸਹਿਯੋਗ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਹਾਲਾਂਕਿ ਉਨ੍ਹਾਂ ਦੀ ਚੈਰੀ ਨਾਲ ਕੋਈ ਮੁਲਾਕਾਤ ਨਹੀਂ ਹੋਈ ਹੈ।

ਉਨ੍ਹਾਂ ਕਿਹਾ ਕਿ ਸੁਰਜੀਤ ਬਰਨਾਲਾ ਪਰਿਵਾਰ ਉਨ੍ਹਾਂ ਦੀ ਸਹਿਮਤੀ ਨਾਲ ਹੀ ਅਕਾਲੀ ਦਲ 'ਚ ਸ਼ਾਮਿਲ ਹੋਇਆ ਹੈ ਤੇ ਗੋਬਿੰਦ ਸਿੰਘ ਲੌਂਗੋਵਾਲ ਨੂੰ ਉਨ੍ਹਾਂ ਦੀ ਸਹਿਮਤੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਹੈ।