ਚੰਡੀਗੜ੍ਹ: ਕਾਂਗਰਸ ਨੂੰ ਅੱਜ ਦੋਆਬਾ ਹਲਕੇ ਵਿਚ ਉਦੋਂ ਜ਼ੋਰਦਾਰ ਝਟਕਾ ਲੱਗਾ ਜਦੋਂ ਕਾਂਗਰਸ ਦੇ ਸੀਨੀਅਰ ਲੀਡਰ ਤੇ ਮਿਲਕਫੈਡ ਪੰਜਾਬ ਦੇ ਸਾਬਕਾ ਚੇਅਰਮੈਨ ਕੈਪਟਨ ਹਰਿਮੰਦਿਰ ਸਿੰਘ ਮੰਗਲਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਗਏ।
ਕੈਪਟਨ ਹਰਿਮਦਿੰਰ ਸਿੰਘ, ਜਲੰਧਰ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਰਹੇ ਹਨ, ਨੇ ਵੱਡੀ ਗਿਣਤੀ ਵਿਚ ਆਪਣੇ ਕਾਂਗਰਸੀ ਸਾਥੀਆਂ ਨਾਲ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ। ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਹੋਣ ’ਤੇ ਜੀ ਆਇਆਂ ਕਹਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਐਲਾਨ ਕੀਤਾ ਕਿ ਉਹ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਸੁਲਤਾਨਪੁਰ ਹਲਕੇ ਤੋਂ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰ ਹੋਣਗੇ।
ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਹਰਿਮੰਦਿਰ ਸਿੰਘ ਸੁਲਤਾਨਪੁਰ ਲੋਧੀ ਹਲਕੇ ਵਿਚ ਅਕਾਲੀ ਦਲ ਦੇ ਸਰਬ ਸਹਿਮਤੀ ਨਾਲ ਬਣੇ ਉਮੀਦਾਰ ਹਨ ਤੇ ਪਾਰਟੀ ਦੇ ਸਾਰੇ ਲੀਡਰਾਂ ਤੇ ਵਰਕਰਾਂ ਨੇ ਉਨ੍ਹਾਂ ਵਿਚ ਵਿਸ਼ਵਾਸ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਸਾਬਕਾ ਵਿੱਤ ਮੰਤਰੀ ਬੀਬੀ ਉਪਿੰਦਰਜੀਤ ਕੌਰ ਜਿਹਨਾਂ ਸੁਲਤਾਨਪੁਰ ਹਲਕੇ ਦੀ ਪਿਛਲੇ ਸਮੇਂ ਵਿਚ ਪ੍ਰਤੀਨਿਧਤਾ ਕੀਤੀ, ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ ਸੀਨੀਅਰ ਮਹਿਲਾ ਲੀਡਰ ਨੇ ਛੇ ਮਹੀਨੇ ਪਹਿਲਾਂ ਉਨ੍ਹਾਂ ਨੂੰ ਆਖ ਦਿੱਤਾ ਸੀ ਕਿ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਨਹੀਂ ਲੜਨਗੇ ਜਿਸ ਕਾਰਨ ਪਾਰਟੀ ਨੇ ਹੁਣ ਕੈਪਟਨ ਹਰਿਮੰਦਿਰ ਸਿੰਘ ਨੂੰ ਹਲਕੇ ਤੋਂ ਪਾਰਟੀ ਦਾ ਉਮੀਦਵਾਰ ਐਲਾਨਿਆ ਹੈ।
ਇਸ ਮੌਕੇ ਕੈਪਟਨ ਹਰਿਮੰਦਿਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ’ਤੇ ਮਾਣ ਮਹਿਸੂਸ ਹੋਇਆ ਹੈ ਕਿ ਅਕਾਲੀ ਦਲ ਤੇ ਇਸਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਹਨਾਂ ’ਤੇ ਵਿਸ਼ਵਾਸ ਪ੍ਰਗਟ ਕੀਤਾ ਹੈ। ਉਹਨਾਂ ਕਿਹਾ ਕਿ ਮੈਂ ਪਾਰਟੀ ਨੁੰ ਭਰੋਸਾ ਦੁਆਉਂਦਾ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਨਗਰੀ ਤੋਂ ਚੋਣਾਂ ਲੜਨਾ ਇਕ ਮਾਣ ਵਾਲੀ ਗੱਲ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਆਉਂਦੀਆਂ ਚੋਣਾਂ ਵੱਡੇ ਫਰਕ ਨਾਲ ਜਿੱਤਾਂਗਾ।
ਉਨ੍ਹਾਂ ਇਹ ਵੀ ਦੱਸਿਆ ਕਿ ਉਹਨਾਂ ਨੇ ਕਾਂਗਰਸ ਪਾਰਟੀ ਦੇ ਨਾਲ ਨਾਲ ਮਿਲਕਫੈਡ ਦੇ ਚੇਅਰਮੈਨ ਵਜੋਂ ਅਸਤੀਫਾ ਕਾਂਗਰਸ ਪਾਰਟੀ ਵਿਚਲੀ ਧੜੇਬੰਦੀ ਦੇ ਮੱਦੇਨਜ਼ਰ ਲਿਆ ਤੇ ਇਹ ਇਕ ਸੱਚਾਈ ਹੈ ਕਿ ਹਰ ਆਦਮੀ ਕਾਂਗਰਸ ਦੀ ਇਸ ਸਿਖ਼ਰਲੀ ਕੁਰਸੀ ਵਾਸਤੇ ਲੜਾਈ ਤੋਂ ਪ੍ਰਭਾਵਤ ਹੋ ਰਿਹਾ ਹੈ।